''ਪਹਿਲਾਂ ਸਾਡੀ ਗੱਡੀ ''ਚ ਤੇਲ ਪਾਓ...'', ਹੋ ਗਈ ਥੋੜ੍ਹੀ ਦੇਰ ਤਾਂ ਨੌਜਵਾਨਾਂ ਨੇ ਪੰਪ ਕਰਮਚਾਰੀਆਂ ''ਤੇ ਕਰ''ਤਾ ਹਮਲਾ
Saturday, Jan 11, 2025 - 05:01 AM (IST)
ਜਲੰਧਰ (ਮਾਹੀ)- ਦਿਹਾਤ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਪਿੰਡ ਰਾਓਵਾਲੀ ਹਾਈਵੇ ’ਤੇ ਸਥਿਤ ਯੂਨੀਕ ਫਿਲਿੰਗ ਪੈਟਰੋਲ ਪੰਪ ’ਤੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਪੈਟਰੋਲ ਪੰਪ ਦੇ ਮਾਲਕ ਰਾਮ ਨਿਰੰਜਣ ਕੈਂਥ ਨੇ ਦੱਸਿਆ ਕਿ ਜਦ ਉਨ੍ਹਾਂ ਦੇ ਪੈਟਰੋਲ ਪੰਪ ਵਿਚ ਕੰਮ ਕਰਨ ਵਾਲੇ ਕਰੰਦਿਆਂ ਵੱਲੋਂ ਕਿਸੇ ਹੋਰ ਵਾਹਨ ਵਿਚ ਪੈਟਰੋਲ ਪਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਪੁਲਸ ਦਾ ਸਟਿਕਰ ਲੱਗੀ ਆਈ 20 ਕਾਰ ਵਿਚ ਸਵਾਰ ਪੰਜ ਤੋਂ ਛੇ ਅਣਪਛਤੇ ਵਿਅਕਤੀ ਆਏ, ਜਿਨ੍ਹਾਂ ਵੱਲੋਂ ਜਲਦਬਾਜ਼ੀ ਵਿਚ ਉਨ੍ਹਾਂ ਦੀ ਕਾਰ ਵਿਚ ਪਹਿਲਾਂ ਤੇਲ ਪਾਉਣ ਲਈ ਕਿਹਾ ਗਿਆ। ਕਰਿੰਦੇ ਨੇ ਕਿਹਾ ਕਿ ਉਹ ਇਕ ਵਾਹਨ ਵਿਚ ਪੈਟਰੋਲ ਪਾ ਕੇ ਤੁਹਾਡੀ ਕਾਰ ਵਿਚ ਪੈਟਰੋਲ ਪਾ ਦੇਵੇਗਾ ਤਾਂ ਇੰਨੇ ਨੂੰ ਕਾਰ ਵਿਚ ਸਵਾਰ ਪੰਜ ਤੋਂ ਛੇ ਵਿਅਕਤੀ, ਜੋ ਨਸ਼ੇ ਦੀ ਹਾਲਤ ਵਿਚ ਸਨ, ਨੇ ਪੈਟਰੋਲ ਪੰਪ ਦੇ ਦੋ ਕਰਮਚਾਰੀਆਂ ਨੂੰ ਕੜੇ ਆਦਿ ਮਾਰ ਕੇ ਜ਼ਖਮੀ ਕਰ ਦਿੱਤਾ।
ਜ਼ਖਮੀਆਂ ਵਿਚ ਇੱਕ ਬਜ਼ੁਰਗ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੈਟਰੋਲ ਪੰਪ ਦੇ ਮਾਲਕ ਕੈਂਥ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੌਜਵਾਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵੱਲੋਂ ਇਸ ਝਗੜੇ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਏ.ਐੱਸ.ਆਈ. ਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਘਰੋਂ ਨਿਕਲੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ; ਧੜ ਤੋਂ ਵੱਖ ਹੋ ਗਿਆ ਸਿਰ
ਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਰਜਿੰਦਰ ਪ੍ਰਸਾਦ ਪੁੱਤਰ ਸ਼ਿਵ ਪ੍ਰਸਾਦ, ਵਿਸ਼ਾਲ ਤਿਵਾੜੀ ਪੁੱਤਰ ਸ਼ੁਆਸ ਤਿਵਾੜੀ ਦੋਵੇਂ ਵਾਸੀ ਜ਼ਿਲਾ ਗੋਂਡਾ ਉੱਤਰ ਪ੍ਰਦੇਸ਼ ਹਾਲ ਨਿਵਾਸੀ ਰਾਓਵਾਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਕੇ ਜਾਂਚ ਕੀਤੀ ਗਈ, ਜਿਸ ਵਿਚ ਉਸ ਗੱਡੀ ਦਾ ਨੰਬਰ ਵੀ ਟ੍ਰੇਸ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸ਼ਾਮ ਤੱਕ ਫੀਲਡ 'ਚ ਸਨ MLA ਗੋਗੀ, ਕਈ ਲੋਕਾਂ ਨਾਲ ਕੀਤੀ ਸੀ ਗੱਲਬਾਤ, ਮੌਤ ਦੀ ਖ਼ਬਰ ਨੇ ਮਚਾਈ ਹਾਹਾਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e