ਮਾਨ ਸਰਕਾਰ ਨੇ ਲਈ ਸਾਰ, ਹੁਣ ਕਿਸਾਨ ਬਣ ਰਹੇ ਖ਼ੁਸ਼ਹਾਲ
Tuesday, Jan 07, 2025 - 05:08 PM (IST)
ਜਲੰਧਰ : ਪੰਜਾਬ ਦੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਜਿੱਥੇ ਸੀ. ਆਰ. ਐੱਮ. ਮਸ਼ੀਨਾਂ 'ਤੇ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ, ਉਥੇ ਹੀ ਗਰੁੱਪਾਂ ਅਤੇ ਪੰਚਾਇਤਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮੋਟਰਾਂ 'ਤੇ ਬਿਜਲੀ ਵੀ ਫਰੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਹਰ ਘਰ ਨੂੰ ਤਾਂ ਬਿਜਲੀ ਫਰੀ ਮਿਲ ਰਹੀ ਹੈ, ਕਿਸਾਨ ਵੀ ਇਸ ਦਾ ਲਾਹਾ ਲੈ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ।
ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਇਕ ਹੋਰ ਸ਼ਾਨਦਾਰ ਕਦਮ ਚੁੱਕਦਿਆਂ ‘ਉੱਨਤ ਕਿਸਾਨ’ ਮੋਬਾਈਲ ਐਪਲੀਕੇਸ਼ਨ ਵੀ ਚਲਾਈ ਜਾ ਰਹੀ ਹੈ। ਇਸ ਐਪ ਰਾਹੀਂ ਕਿਸਾਨ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐੱਮ) ਮਸ਼ੀਨਾਂ ਆਸਾਨੀ ਨਾਲ ਉਪਲੱਬਧ ਕਰਵਾ ਸਕਦੇ ਹਨ। ਇਸ ਸੰਬੰਧੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਐਪ ’ਤੇ ਕਿਸਾਨਾਂ ਲਈ 1.30 ਲੱਖ ਤੋਂ ਵੱਧ ਸੀਆਰਐੱਮ ਮਸ਼ੀਨਾਂ ਦੀ ਮੈਪਿੰਗ ਕੀਤੀ ਗਈ ਹੈ। ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਕਿਸਾਨ ਆਪਣੇ ਆਸ-ਪਾਸ ਉਪਲਬਧ ਮਸ਼ੀਨ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ। ਮਸ਼ੀਨਾਂ ਦੀ ਬੁਕਿੰਗ ਪ੍ਰਕਿਰਿਆ ’ਚ ਕਿਸਾਨਾਂ ਦੀ ਸਹਾਇਤਾ ਲਈ 5,000 ਤੋਂ ਵੱਧ ਫੈਸਿਲੀਟੇਟਰ, ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ।