ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਨਾਲ ''ਜਗ ਬਾਣੀ'' ਦੀ ਖ਼ਾਸ ਗੱਲਬਾਤ, ਦੱਸਿਆ ਕਿਹੜੇ ਮੁੱਦਿਆਂ ''ਤੇ ਰਹੇਗਾ ਫੋਕਸ

Monday, Jan 06, 2025 - 11:40 AM (IST)

ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਨਾਲ ''ਜਗ ਬਾਣੀ'' ਦੀ ਖ਼ਾਸ ਗੱਲਬਾਤ, ਦੱਸਿਆ ਕਿਹੜੇ ਮੁੱਦਿਆਂ ''ਤੇ ਰਹੇਗਾ ਫੋਕਸ

ਜਲੰਧਰ (ਨਰੇਸ਼ ਕੁਮਾਰ)–ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਅਗਲੇ ਹਫ਼ਤੇ ਕਿਸੇ ਵੀ ਦਿਨ ਕੀਤਾ ਜਾ ਸਕਦਾ ਹੈ। ਅਜਿਹੇ ’ਚ ਭਾਜਪਾ ਨੇ ਵੀ ਇਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਅਤੇ ਭਾਜਪਾ ਦੇ ਦਿੱਲੀ ਨੂੰ ਲੈ ਕੇ ਵਿਜ਼ਨ ਨਾਲ ਜਨਤਾ ਵਿਚਾਲੇ ਜਾਣ ਦਾ ਫ਼ੈਸਲਾ ਕੀਤਾ ਹੈ ਅਤੇ ਭਾਜਪਾ ਦੇ ਤਕਰੀਬਨ 2,14,000 ਵਰਕਰ ਜ਼ਮੀਨੀ ਪੱਧਰ ’ਤੇ ਇਸ ਕਾਰਜ ’ਚ ਜੁਟੇ ਹੋਏ ਹਨ। ਦਿੱਲੀ ਦੇ ਨਾਗਰਿਕਾਂ ਨੂੰ ਸਿੱਖਿਆ, ਬਿਜਲੀ, ਪਾਣੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਾਜਪਾ ਦੀ ਚੋਣ ਮੈਨੀਫੈਸਟੋ ਕਮੇਟੀ ਲਗਾਤਾਰ ਕੰਮ ਕਰ ਰਹੀ ਹੈ ਅਤੇ ਚੋਣਾਂ ਤੋਂ ਬਾਅਦ ਭਾਜਪਾ ਆਪਣੇ ਮੈਨੀਫੈਸਟੋ ਨਾਲ ਦਿੱਲੀ ਦੀ ਜਨਤਾ ਵਿਚਾਲੇ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ 'ਚ 'ਆਪ' ਨੂੰ ਕ੍ਰਾਸ ਵੋਟਿੰਗ ਦੇ ਚੱਕਰ ’ਚ ਉਲਝਾ ਸਕਦੀ ਹੈ ਕਾਂਗਰਸ

‘ਜਗ ਬਾਣੀ’ ਨਾਲ ਖ਼ਾਸ ਗੱਲਬਾਤ ’ਚ ਆਰ. ਪੀ. ਸਿੰਘ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਵਧੀਆ ਸਕੂਲੀ ਸਿੱਖਿਆ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਹੋਮ ਡਲਿਵਰੀ, ਚੰਗੀ ਪਬਲਿਕ ਟਰਾਂਸਪੋਰਟ, ਸੌਰ ਊਰਜਾ ਅਤੇ ਮੁੱਢਲੇ ਢਾਂਚੇ ਦੇ ਵਿਕਾਸ ਲਈ ਚੰਗੇ ਪ੍ਰਸ਼ਾਸਨ ਦੀ ਲੋੜ ਹੈ ਅਤੇ ਭਾਜਪਾ ਦਿੱਲੀ ’ਚ ਇਨ੍ਹਾਂ ਵਾਅਦਿਆਂ ਦੇ ਨਾਲ ਮੈਦਾਨ ’ਚ ਹੈ ਅਤੇ ਲੋਕ ਸਭਾ ਚੋਣਾਂ ਵਾਂਗ ਵਿਧਾਨ ਸਭਾ ਚੋਣਾਂ ’ਚ ਵੀ ਦਿੱਲੀ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸਕਾਰੀ ਨੀਤੀਆਂ ’ਤੇ ਮੋਹਰ ਲਾਉਣਗੇ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਭਾਜਪਾ ਦੇ ਬਲਾਕ ਪ੍ਰਧਾਨ ਤੋਂ ਲੈ ਕੇ ਪੋਲਿੰਗ ਬੂਥ ਦੇ ਇੰਚਾਰਜ, ਸ਼ਕਤੀ ਕੇਂਦਰ ਦੇ ਪ੍ਰਧਾਨ, ਮੰਡਲ ਪ੍ਰਧਾਨ ਤੇ ਜ਼ਿਲਾ ਪ੍ਰਧਾਨ ਦੇ ਨਾਲ-ਨਾਲ ਦਿੱਲੀ ਦੇ ਸੀਨੀਅਰ ਆਗੂ ਵੀ ਇਨ੍ਹਾਂ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਪੂਰੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਟੀ ਦਾ ਪ੍ਰਧਾਨ ਰਹਿੰਦੇ ਹੋਏ 5 ਸਾਲ ਪਹਿਲਾਂ ਪਾਰਟੀ ਦੇ ਸੰਗਠਨ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਸੀ ਅਤੇ ਹੁਣ ਸੰਗਠਨ ਦੇ ਕੰਮਕਾਜ ਨਾਲ ਕਈ ਸੂਬਿਆਂ ’ਚ ਇਸ ਦੇ ਨਤੀਜੇ ਮਿਲਣ ਲੱਗੇ ਹਨ ਅਤੇ ਭਾਜਪਾ ਲਗਾਤਾਰ ਚੋਣਾਂ ਜਿੱਤ ਰਹੀ ਹੈ। ਦਿੱਲੀ ’ਚ ਅਜੇ ਭਾਜਪਾ ਦੇ ਵਰਕਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ’ਚ ਲੱਗੇ ਹੋਏ ਹਨ।

ਭਾਜਪਾ ਵੱਲੋਂ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਕੋਈ ਚਿਹਰਾ ਪੇਸ਼ ਨਾ ਕੀਤੇ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਭਾਜਪਾ ’ਚ ਚੋਣਾਂ ਦੌਰਾਨ ਚਿਹਰਾ ਪੇਸ਼ ਕਰਨ ਦੀ ਰਵਾਇਤ ਨਹੀਂ ਹੈ ਅਤੇ ਚੋਣਾਂ ਤੋਂ ਬਾਅਦ ਪਾਰਟੀ ਦੇ ਵਿਧਾਇਕ ਹੀ ਪਾਰਟੀ ਦਾ ਨੇਤਾ ਚੁਣਦੇ ਹਨ। ਲਿਹਾਜਾ ਦਿੱਲੀ ’ਚ ਵੀ ਹੋਰ ਸੂਬਿਆਂ ਵਾਂਗ ਪਾਰਟੀ ਹਾਈਕਮਾਨ ਦੇ ਪੱਧਰ ’ਤੇ ਹੀ ਇਸ ਦਾ ਫ਼ੈਸਲਾ ਕੀਤਾ ਜਾਵੇਗਾ ਪਰ ਭਾਜਪਾ ਨੂੰ ਦਿੱਲੀ ’ਚ ਕੇਜਰੀਵਾਲ ਦੇ ਭ੍ਰਿਸ਼ਟ ਚਿਹਰੇ ਸਾਹਮਣੇ ਕਿਸੇ ਚਿਹਰੇ ਨੂੰ ਪੇਸ਼ ਕਰਨ ਦੀ ਲੋੜ ਵੀ ਨਹੀਂ ਹੈ। ਜਨਤਾ ’ਚ ਕੇਜਰੀਵਾਲ ਦਾ ਅਕਸ ਇਕ ਅਜਿਹੇ ਨੇਤਾ ਦਾ ਬਣ ਚੁੱਕਿਆ ਹੈ, ਜੋ ਆਪਣੇ ਵਾਅਦੇ ਪੂਰੇ ਨਹੀਂ ਕਰਦਾ। ਲਿਹਾਜਾ ਹੁਣ ‘ਆਪ’ ਨੂੰ ਕੇਜਰੀਵਾਲ ਦੇ ਚਿਹਰੇ ’ਤੇ ਵੀ ਵੋਟ ਮਿਲਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਪ੍ਰਤੀ ਆਮ ਜਨਤਾ ਦੀ ਨਾਰਾਜ਼ਗੀ ਹੈ ਅਤੇ ਇਹ ਨਾਰਾਜ਼ਗੀ ਯਕੀਨੀ ਤੌਰ ’ਤੇ ਚੋਣਾਂ ’ਚ ਜ਼ਰੂਰ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ-ਪੰਜਾਬ ਲਈ ਅਗਲੇ 24 ਘੰਟੇ ਬੇਹੱਦ ਅਹਿਮ, ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਸੋਲਰ ਊਰਜਾ ਦੇ ਦਮ ’ਤ ਮੁਫਤ ਕੀਤੀ ਜਾਵੇਗੀ ਬਿਜਲੀ
ਆਰ. ਪੀ. ਸਿੰਘ ਨੇ ਕਿਹਾ ਕਿ ਦਿੱਲੀ ’ਚ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਭਾਜਪਾ ‘ਪ੍ਰਧਾਨ ਮੰਤਰੀ ਸੂਰਯਾ ਘਰ ਯੋਜਨਾ’ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕਰੇਗੀ। ਇਸ ਦੇ ਤਹਿਤ ਲੋਕਾਂ ਨੂੰ ਆਪਣੇ ਘਰਾਂ ’ਤੇ ਸੋਲਰ ਪੈਨਲ ਲਾਉਣ ਲਈ ਵਿਆਜ ਮੁਕਤ ਦਰਾਂ ’ਤੇ ਕਰਜ਼ਾ ਦਿੱਤਾ ਜਾਵੇਗਾ, ਜਿਸ ਨਾਲ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਬਿਜਲੀ ਪੈਦਾ ਕਰ ਸਕਣਗੇ। ਸੋਲਰ ਪੈਨਲ ’ਤੇ ਹੋਣ ਵਾਲਾ ਖਰਚਾ ਤਿੰਨ ਸਾਲਾਂ ’ਚ ਪੂਰਾ ਹੋ ਜਾਂਦਾ ਹੈ ਅਤੇ ਇਸ ਨਾਲ ਅਗਲੇ 25 ਸਾਲਾਂ ਤਕ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮਿਲ ਸਕੇਗੀ। ਇੰਨਾ ਹੀ ਨਹੀਂ, ਜੇਕਰ ਲੋਕ ਸੋਲਰ ਪੈਨਲ ਨਾਲ ਪੈਦਾ ਕੀਤੀ ਗਈ ਬਿਜਲੀ ਨਾਲੋਂ ਘੱਟ ਬਿਜਲੀ ਵਰਤਣਗੇ ਤਾਂ ਉਨ੍ਹਾਂ ਨੂੰ ਇਸ ਤੋਂ ਕਮਾਈ ਵੀ ਹੋਵੇਗੀ, ਕਿਉਂਕਿ ਹਰ ਘਰ ’ਚ ਪੈਦਾ ਹੋਣ ਵਾਲੀ ਬਿਜਲੀ ਨੂੰ ਗਰਿੱਡ ਨਾਲ ਜੋੜ ਦਿੱਤਾ ਜਾਵੇਗਾ, ਜਿਸ ਨਾਲ ਇਹ ਆਮ ਲੋਕਾਂ ਲਈ ਆਮਦਨ ਦਾ ਸਾਧਨ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਝੁੱਗੀਆਂ-ਝੌਂਪੜੀਆਂ ਵਾਲੇ ਅੱਜ ਪੀਣ ਵਾਲਾ ਸਾਫ ਪਾਣੀ ਖਰੀਦਣ ਲਈ ਮਹੀਨੇ ਦੇ 1200 ਰੁਪਏ ਤਕ ਖਰਚ ਕਰਦੇ ਹਨ। ਭਾਜਪਾ ਦੀ ਸਰਕਾਰ ਆਉਣ ’ਤੇ ਪੀਣ ਵਾਲਾ ਸਾਫ ਪਾਣੀ ਯਕੀਨੀ ਬਣਾਇਆ ਜਾਵੇਗਾ ਅਤੇ ਦਿੱਲੀ ’ਚ ਪਾਣੀ ਦੀ ਸਪਲਾਈ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਅੱਜ ਦਿੱਲੀ ਦੇ ਹਰ ਘਰ ’ਚ ਪਾਣੀ ਸਾਫ ਕਰਨ ਲਈ ਆਰ. ਓ. ਦੀ ਲੋੜ ਪੈ ਰਹੀ ਹੈ। ਇਸ ’ਤੇ ਭਾਜਪਾ ਖ਼ਾਸ ਤੌਰ ’ਤੇ ਕੰਮ ਕਰੇਗੀ ਅਤੇ ਲੋਕਾਂ ਨੂੰ ਟੂਟੀਆਂ ਜ਼ਰੀਏ ਘਰ ’ਚ ਹੀ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

ਜ਼ਮੀਨੀ ਪੱਧਰ ’ਤੇ ਕਾਂਗਰਸ ਬਹੁਤ ਕਮਜ਼ੋਰ
ਆਰ. ਪੀ. ਸਿੰਘ ਨੇ ਕਿਹਾ ਕਿ ਹਾਲਾਂਕਿ ਕਾਂਗਰਸ ਦਿੱਲੀ ’ਚ ‘ਆਪ’ ਖ਼ਿਲਾਫ਼ ਹੁਣ ਹਮਲੇ ਕਰ ਰਹੀ ਹੈ ਅਤੇ ਕੇਜਰੀਵਾਲ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਦਿੱਲੀ ’ਚ ਕਾਂਗਰਸ ਦਾ ਸੰਗਠਨ ਲੱਗਭਗ ਜ਼ੀਰੋ ਹੋ ਗਿਆ ਹੈ। ਲਿਹਾਜਾ ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਵੀ ਜ਼ਿਆਦਾ ਉਮੀਦ ਨਹੀਂ ਕਰਨੀ ਚਾਹੀਦੀ। ਕਾਂਗਰਸ ਨੇਤਾ ਅਜੇ ਮਾਕਨ ਵੱਲੋਂ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਹਿਣ ਦਾ ਸਮਰਥਨ ਕਰਦੇ ਹੋਏ ਆਰ. ਪੀ. ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਖਾਲਿਸਤਾਨੀਆਂ ਨਾਲ ਸਬੰਧ ਜਗ-ਜ਼ਾਹਿਰ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਦੋਂ ਵਿਦੇਸ਼ ਜਾਂਦੇ ਹਨ ਤਾਂ ਖਾਲਿਸਤਾਨੀ ਉਨ੍ਹਾਂ ਦੇ ਮੇਜ਼ਬਾਨੀ ਕਰਦੇ ਹਨ। ਇਸ ਤੋਂ ਇਲਾਵਾ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਖੁੱਲ੍ਹੇਆਮ ਆਮ ਆਦਮੀ ਪਾਰਟੀ ਨੂੰ ਫੰਡਿੰਗ ਦੇਣ ਦਾ ਖੁਲਾਸਾ ਕੀਤਾ ਸੀ, ਜਿਸ ’ਤੇ ‘ਆਪ’ ਨੇ ਚੁੱਪ ਧਾਰ ਲਈ ਸੀ। ਪੰਨੂ ਦਾ ਬਿਆਨ ਵੀ ਆਮ ਆਦਮੀ ਪਾਰਟੀ ਤੇ ਖਾਲਿਸਤਾਨੀਆਂ ਵਿਚਾਲੇ ਸਬੰਧਾਂ ਦੀ ਪੁਸ਼ਟੀ ਕਰਦਾ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਮੇਅਰ ਦਾ ਨਾਂ ਲਗਭਗ ਫਾਈਨਲ, ਜਲਦ ਹੋ ਸਕਦੈ ਸਿਆਸਤ 'ਚ ਵੱਡਾ ਧਮਾਕਾ

ਦਿੱਲੀ ਦਾ ਟਰਾਂਸਪੋਰਟ ਸਿਸਟਮ ਫੇਲ, ਭਾਜਪਾ ਦਿਵਾਏਗੀ ਰਾਹਤ
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਹਰ ਸਾਲ ਪ੍ਰਦੂਸ਼ਿਤ ਹਵਾ ’ਚ ਸਾਹ ਲੈਣਾ ਪੈਂਦਾ ਹੈ ਅਤੇ ਇਸ ਪ੍ਰਦੂਸ਼ਿਤ ਹਵਾ ਦਾ ਸਭ ਤੋਂ ਵੱਡਾ ਕਾਰਨ ਟਰਾਂਸਪੋਰਟ ਸਿਸਟਮ ਹੈ। ਦਿੱਲੀ ’ਚ ਬੱਸਾਂ ਦੀ ਘਾਟ ਅਤੇ ਘਰ ਤਕ ਟਰਾਂਸਪੋਰਟ ਦੀ ਸਹੂਲਤ ਨਾ ਹੋਣ ਕਾਰਨ ਲੋਕ ਆਪਣੇ ਵਾਹਨਾਂ ’ਚ ਜਾਂਦੇ ਹਨ, ਜਿਸ ਕਾਰਨ ਪ੍ਰਦੂਸ਼ਣ ਫੈਲਦਾ ਹੈ ਅਤੇ ਦਿੱਲੀ ਦੇ ਪ੍ਰਦੂਸ਼ਣ ’ਚ ਨਿੱਜੀ ਵਾਹਨਾਂ ਦੀ ਹਿੱਸੇਦਾਰੀ 42 ਫੀਸਦੀ ਹੈ। ਭਾਜਪਾ ਦੇ ਸੱਤਾ ’ਚ ਆਉਣ ’ਤੇ ਦਿੱਲੀ ਦੇ ਟਰਾਂਸਪੋਰਟ ਸਿਸਟਮ ਨੂੰ ਠੀਕ ਕੀਤਾ ਜਾਵੇਗਾ। ਇਸ ਦੇ ਤਹਿਤ ਨਾ ਸਿਰਫ਼ ਨਵੀਆਂ ਬੱਸਾਂ ਨੂੰ ਸਰਕਾਰੀ ਬੇੜੇ ’ਚ ਸ਼ਾਮਲ ਕੀਤਾ ਜਾਵੇਗਾ, ਬਲਕਿ ਆਮ ਲੋਕਾਂ ਨੂੰ ਸਿੱਧੇ ਘਰੋਂ ਟਰਾਂਸਪੋਰਟ ਦੀ ਸਹੂਲਤ ਐਪੀਕੇਸ਼ਨ ਜ਼ਰੀਏ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਆਮ ਲੋਕਾਂ ਦਾ ਆਟੋ, ਟੈਕਸੀ ਤੇ ਬੱਸ ਸਟਾਪ ਤਕ ਪੁੱਜਣ ਦਾ ਖ਼ਰਚਾ ਵੀ ਬਚੇਗਾ।

ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਤੇ ਠੰਡੀਆਂ ਹਵਾਵਾਂ ਨੇ ਠੁਰ-ਠੁਰ ਕਰਨੇ ਲਾਏ ਲੋਕ, ਐਡਵਾਈਜ਼ਰੀ ਜਾਰੀ

ਇਹ ਸਹੂਲਤ ਦਿੱਲੀ ’ਚ ਭਾਜਪਾ ਦੀ ਸਰਕਾਰ ਆਉਣ ’ਤੇ ਮੁਫ਼ਤ ਮਿਲੇਗੀ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਦਿੱਲੀ ਸਰਕਾਰ ਕੋਲ 15000 ਬੱਸਾਂ ਸਨ ਅਤੇ ਅੱਜ ਦਿੱਲੀ ’ਚ ਕੁੱਲ੍ਹ 7219 ਬੱਸ ਹਨ। ਇਨ੍ਹਾਂ ’ਚੋਂ 1900 ਇਲੈਕਟ੍ਰਿਕ ਬੱਸਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦਿੱਤੀਆਂ ਹਨ ਅਤੇ ਦਿੱਲੀ ਕੋਲ ਆਪਣੀਆਂ 5000 ਦੇ ਲਗਭਗ ਬੱਸਾਂ ਹਨ। ਅਜਿਹੇ ’ਚ ਦਿੱਲੀ ਸਰਕਾਰ ਦੀ ਮੁਫਤ ਯਾਤਰਾ ਦੀ ਸਹੂਲਤ ਹੋਣ ਦੇ ਬਾਵਜੂਦ ਲੋਕਾਂ ਨੂੰ ਯਾਤਰਾ ਲਈ ਬੱਸਾਂ ਨਹੀਂ ਮਿਲਦੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਅਧਿਆਪਕਾ ਦਾ ਬੱਚੇ 'ਤੇ ਤਸ਼ਦੱਦ! ਵਾਇਰਲ ਹੋਈ ਵੀਡੀਓ ਨੇ ਉਡਾ 'ਤੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News