‘ਜੰਮੂ ਦੀ ਧੜਕਣ’ RJ ਸਿਮਰਨ ਸਿੰਘ ਦੀ ਖੁਦਕੁਸ਼ੀ ’ਤੇ ਪਿਤਾ ਨੇ ਤੋੜੀ ਚੁੱਪੀ
Friday, Jan 03, 2025 - 04:13 AM (IST)
ਜਲੰਧਰ - ‘ਜੰਮੂ ਦੀ ਧੜਕਣ’ ਦੇ ਨਾਂ ਨਾਲ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਅਤੇ ਸਾਬਕਾ ਰੇਡੀਓ ਜਾਕੀ ਸਿਮਰਨ ਸਿੰਘ ਦੀ ਖੁਦਕੁਸ਼ੀ ਨੂੰ ਲੈ ਕੇ ਉਸ ਦੇ ਪਿਤਾ ਨੇ ਵੱਡਾ ਖੁਲਾਸਾ ਕੀਤਾ ਹੈ। ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਬੇਟੀ ਸਿਮਰਨ ਸਿੰਘ ਡਿਪ੍ਰੈਸ਼ਨ ਅਤੇ ਵਰਕ ਪ੍ਰੈਸ਼ਰ ਨਾਲ ਜੂਝ ਰਹੀ ਸੀ।
ਪਿਛਲੇ ਕੁਝ ਮਹੀਨਿਆਂ ਤੋਂ ਉਹ ਐਕਟਿੰਗ ’ਤੇ ਧਿਆਨ ਦੇ ਰਹੀ ਸੀ। ਸਿਮਰਨ ਨੇ ਆਪਣੀ ਮਾਂ ਨਾਲ ਗੱਲਬਾਤ ’ਚ ਮਾਨਸਿਕ ਤਣਾਅ ਦਾ ਜ਼ਿਕਰ ਕੀਤਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਪਿਤਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਚ ਸਿਮਰਨ ਦੇ ਯੂਟਿਊਬਰ ਨਾਲ ਅਫੇਅਰ ਹੋਣ ਦੀਆਂ ਕਹਾਣੀਆਂ ਚੱਲ ਰਹੀਆਂ ਹਨ ਪਰ ਉਹ ਪੂਰੀ ਤਰ੍ਹਾਂ ਗਲਤ ਹਨ।
ਡਿਪ੍ਰੈਸ਼ਨ ਦੀ ਲੈਂਦੀ ਸੀ ਦਵਾਈ
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਸਿਰਫ ਕੰਮ ਦੇ ਦਬਾਅ ਬਾਰੇ ਹੀ ਗੱਲਾਂ ਕਰਦੀ ਸੀ। ਪਰਿਵਾਰ ਨੇ ਉਸ ਦੀ ਮੌਤ ਦੀ ਜਾਂਚ ਦੀ ਮੰਗ ਨਹੀਂ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ’ਚ ਕੋਈ ਗੜਬੜੀ ਹੋਈ ਹੈ। ਉਸ ਦੀ ਮਾਤਾ ਸੋਨੀ ਸਿੰਘ ਨੇ ਦੱਸਿਆ ਕਿ ਸਿਮਰਨ ਪਿਛਲੇ ਕੁਝ ਸਾਲਾਂ ਤੋਂ ਡਿਪ੍ਰੈਸ਼ਨ ਦੀ ਦਵਾਈ ਲੈ ਰਹੀ ਸੀ। ਉਨ੍ਹਾਂ ਦੱਸਿਆ ਕਿ ਸਿਮਰਨ ਹਰ ਰੋਜ਼ ਸ਼ਾਮ ਨੂੰ 7.30 ਤੋਂ 8.30 ਵਜੇ ਤੱਕ ਫੋਨ ਕਰ ਕੇ ਆਪਣਾ ਦੁੱਖ-ਸੁੱਖ ਦੱਸਦੀ ਸੀ। ਉਹ ਆਪਣੀ ਸਮੱਗਰੀ ਬਾਰੇ ਆਪਣੇ ਮਾਤਾ-ਪਿਤਾ ਨਾਲ ਵੀ ਚਰਚਾ ਕਰਦੀ ਸੀ। ਸਿਮਰਨ ਨੇ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ 24 ਦਸੰਬਰ ਨੂੰ ਵੀਡਿਓ ਕਾਲ ਰਾਹੀਂ ਉਸ ਨਾਲ ਗੱਲ ਵੀ ਕੀਤੀ ਸੀ। ਉਦੋਂ ਉਹ ਬਹੁਤ ਉਦਾਸ ਲੱਗ ਰਹੀ ਸੀ।
ਗੁੜਗਾਓਂ ’ਚ ਕੀਤੀ ਸੀ ਖੁਦਕੁਸ਼ੀ
ਸਿਮਰਨ ਸਿੰਘ ਨੇ 25 ਦਸੰਬਰ ਨੂੰ ਗੁੜਗਾਓਂ ਸਥਿਤ ਆਪਣੇ ਫਲੈਟ ਵਿਚ ਖੁਦਕੁਸ਼ੀ ਕਰ ਲਈ ਸੀ। ਉਸ ਦਾ ਕਮਰਾ ਅੰਦਰੋਂ ਬੰਦ ਸੀ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸਿਮਰਨ ਦੇ 7,62,000 ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਸਨ। ਸਿਮਰਨ ਦੀ ਖ਼ੁਦਕੁਸ਼ੀ ਦੀ ਖ਼ਬਰ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਵੀ ਸਦਮੇ ਵਿਚ ਹਨ। ਉਸ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਹ 27 ਦਸੰਬਰ ਨੂੰ ਇਕ ਹਿੰਦੀ ਸੀਰੀਅਲ ਦੇ ਆਡੀਸ਼ਨ ਲਈ ਮੁੰਬਈ ਜਾਣ ਵਾਲੀ ਹੈ। 1 ਜਨਵਰੀ ਤੋਂ ਉਹ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਸੀ। ਆਪਣੇ ਕਰੀਅਰ ਬਾਰੇ ਚਰਚਾ ਕਰਨ ਲਈ 25 ਦਸੰਬਰ ਨੂੰ ਜੰਮੂ ਜਾਣ ਵਾਲੀ ਸੀ ਪਰ ਉਸ ਦੀ ਮੌਤ ਦੀ ਖ਼ਬਰ ਆ ਗਈ।