ਬਰਾਤ ਦੀਆਂ ਗੱਡੀਆਂ ’ਤੇ ਮਧੂਮੱਖੀਆਂ ਦਾ ਹਮਲਾ, ਲਾੜੇ ਸਮੇਤ 7 ਲੋਕ ਜ਼ਖਮੀ, ਹਸਪਤਾਲ ਦਾਖਲ

Monday, Dec 12, 2022 - 02:53 AM (IST)

ਬਰਾਤ ਦੀਆਂ ਗੱਡੀਆਂ ’ਤੇ ਮਧੂਮੱਖੀਆਂ ਦਾ ਹਮਲਾ, ਲਾੜੇ ਸਮੇਤ 7 ਲੋਕ ਜ਼ਖਮੀ, ਹਸਪਤਾਲ ਦਾਖਲ

ਹਾਜੀਪੁਰ/ਹੁਸ਼ਿਆਰਪੁਰ (ਜੋਸ਼ੀ) : ਬਰਾਤ ਦੀਆਂ ਗੱਡੀਆਂ ’ਤੇ ਮਧੂਮੱਖੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਲਾੜੇ ਸਮੇਤ 7 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ, ਜਿਸ ਨੂੰ ਵਿਆਹੁਣ ਲਈ ਦੇਪੁਰ ਤੋਂ ਪਿੰਡ ਉਲੈਹੜੀਆਂ (ਹਿਮਾਚਲ) ਕਾਰ 'ਚ ਜਾ ਰਹੇ ਸਨ। ਜਦੋਂ ਲਾੜੇ ਦੀ ਗੱਡੀ ਦਾਤਾਰਪੁਰ ਤੋਂ ਹਾਜੀਪੁਰ ਰੋਡ ’ਤੇ ਪੈਂਦੀ ਮੁਕੇਰੀਆਂ-ਹਾਈਡਲ ਪ੍ਰੋਜੈਕਟ ਨਹਿਰ ਦੇ ਕੋਲ ਪੁੱਜੀ ਤਾਂ ਮਧੂਮੱਖੀਆਂ ਨੇ ਬਰਾਤ ਦੀਆਂ ਗੱਡੀਆਂ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਰਿਵਾਲਵਰ ਸਾਫ਼ ਕਰਦੇ ਸਮੇਂ ਧਾਰਮਿਕ ਅਸਥਾਨ ਦੇ ਸੇਵਾਦਾਰ ਦੇ ਸਿਰ ’ਚ ਲੱਗੀ ਗੋਲ਼ੀ, ਹਾਲਤ ਗੰਭੀਰ

ਵੱਡੀ ਗਿਣਤੀ ਵਿੱਚ ਮਧੂਮੱਖੀਆਂ ਕਾਰਾਂ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਨ ਅੰਦਰ ਵੜ ਗਈਆਂ, ਜਿਸ ਕਾਰਨ ਕਾਰ ਸਵਾਰਾਂ ਨੂੰ ਗੱਡੀ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਮੌਕੇ ’ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਆਪਣੀ ਗੱਡੀ 'ਚ ਪਾ ਕੇ ਜ਼ਖਮੀ ਲੋਕਾਂ, ਜਿਨ੍ਹਾਂ 'ਚ ਇਕ ਰਾਹਗੀਰ ਵੀ ਸੀ, ਨੂੰ ਨੇੜੇ ਪੈਂਦੇ ਸਰਕਾਰੀ ਹਸਪਤਾਲ ਹਾਜੀਪੁਰ ਵਿੱਚ ਗੰਭੀਰ ਹਾਲਤ ’ਚ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਜਸਵੀਰ ਸਿੰਘ, ਕਿਰਨਾ, ਨੇਹਾ, ਪੂਜਾ, ਰਿਸ਼ੀ ਪੰਡਿਤ, ਬੱਚਿਆਂ 'ਚੋਂ ਪਰੀ, ਵਰੁਣ, ਜਾਨਵੀ ਤੇ ਰਾਹਗੀਰ ਕਮਲਜੀਤ ਵਜੋਂ ਹੋਈ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਲਾੜੇ ਨੂੰ ਮੁੱਢਲੇ ਇਲਾਜ ਤੋਂ ਬਾਅਦ ਕੁਝ ਦੇਰ ਬਾਅਦ ਭੇਜ ਦਿੱਤਾ ਗਿਆ ਸੀ ਤੇ ਬਾਕੀਆਂ ਨੂੰ ਵੀ ਇਲਾਜ ਤੋਂ ਬਾਅਦ ਸ਼ਾਮ ਤੱਕ ਘਰ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News