ਪੰਜਾਬ ਦੇ ਸੋਹਣੇ ਪਿੰਡਾਂ ''ਚੋਂ ਇਕ ਪਿੰਡ ਹੈ ਸੱਕਾਂਵਾਲੀ

Friday, Aug 11, 2017 - 07:55 AM (IST)

ਪੰਜਾਬ ਦੇ ਸੋਹਣੇ ਪਿੰਡਾਂ ''ਚੋਂ ਇਕ ਪਿੰਡ ਹੈ ਸੱਕਾਂਵਾਲੀ

ਮੰਡੀ ਲੱਖੇਵਾਲੀ  (ਸੁਖਪਾਲ) - ਜ਼ਿਲੇ ਦੇ ਹਿਠਾੜ ਇਲਾਕੇ ਵਿਚ ਪੈਂਦੇ ਪਿੰਡ ਸੱਕਾਂਵਾਲੀ, ਜੋ ਕਦੇ ਪੱਛੜੇ ਹੋਏ ਪਿੰਡਾਂ ਵਿਚ ਗਿਣਿਆ ਜਾਂਦਾ ਸੀ, ਨੇ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਤੇ ਇਹ ਪੰਜਾਬ ਦੇ ਸੋਹਣੇ ਪਿੰਡਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਸੁੰਦਰਤਾ ਦਾ ਪ੍ਰਤੀਕ ਇਹ ਪਿੰਡ ਹੋਰਨਾਂ ਪਿੰਡਾਂ ਦੇ ਲੋਕਾਂ ਲਈ ਇਕ ਸੇਧ ਤੇ ਚਾਨਣ ਮੁਨਾਰਾ ਸਾਬਿਤ ਹੋ ਰਿਹਾ ਹੈ, ਜਿਸ ਕਰਕੇ ਦੂਰੋਂ-ਨੇੜਿਓਂ ਚੱਲ ਕੇ ਲੋਕ ਇਸ ਪਿੰਡ ਦੀ ਦਿੱਖ ਵੇਖਣ ਲਈ ਆਉਂਦੇ ਹਨ। 
ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਇਸ ਪਿੰਡ ਦੀ ਆਬਾਦੀ 2000 ਦੇ ਕਰੀਬ ਹੈ ਤੇ ਜ਼ਮੀਨ ਦਾ ਰਕਬਾ 1700 ਏਕੜ ਹੈ। ਸੰਧੂ ਗੋਤ ਦੇ ਲੋਕ ਇਸ ਪਿੰਡ ਵਿਚ ਜ਼ਿਆਦਾ ਰਹਿੰਦੇ ਹਨ। ਸਾਲ 2014 ਦੌਰਾਨ ਇਸ ਪਿੰਡ ਨੂੰ ਸੁੰਦਰ ਬਣਾਉਣ ਦੀ ਮੁਹਿੰਮ ਉਦੋਂ ਸ਼ੁਰੂ ਹੋਈ, ਜਦ ਪੰਜਾਬ ਸਰਕਾਰ ਨੇ ਛੱਪੜ ਦੀ ਚਾਰ ਦੀਵਾਰੀ ਕਰਨ ਲਈ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਉਦਮੀ ਪਿੰਡ ਵਾਸੀਆਂ ਨੇ ਚਾਰ ਦੀਵਾਰੀ ਤਾਂ 10-12 ਲੱਖ ਰੁਪਏ ਨਾਲ ਤਿਆਰ ਕਰ ਲਈ ਤੇ ਬਾਕੀ ਬਚੇ ਪੈਸੇ ਛੱਪੜ ਨੂੰ ਸੋਹਣਾ ਬਣਾਉਣ ਵਾਸਤੇ ਖਰਚ ਕੀਤੇ। ਫਿਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਸ਼ ਹੋ ਕੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਇਸ ਪਿੰਡ ਨੂੰ 50 ਲੱਖ ਰੁਪਏ ਦੇ ਦਿੱਤੇ।
ਛੱਪੜ ਵਾਲੇ ਥਾਂ ਸ਼ਾਨਦਾਰ ਝੀਲ ਬਣ ਗਈ, ਵਿਚਕਾਰ ਝੌਂਪੜੀ ਬਣਾ ਦਿੱਤੀ, ਲਾਈਟਾਂ ਤੇ ਫੁਫਾਰੇ ਲੱਗ ਗਏ ਤੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾ ਦਿੱਤੇ ਗਏ। ਲੋਕਾਂ ਦੇ ਮਨੋਰੰਜਨ ਲਈ ਝੀਲ ਵਿਚ ਕਿਸ਼ਤੀਆਂ ਛੱਡ ਦਿੱਤੀਆਂ ਗਈਆਂ, ਜਿਸ ਕਰਕੇ ਇਹ ਝੀਲ ਵਿਸ਼ੇਸ਼ ਖਿੱਚ ਦਾ ਕਾਰਨ ਬਣ ਗਈ। ਇਸ ਦੇ ਨਾਲ ਹੀ ਸੜਕ ਦੇ ਦੂਜੇ ਪਾਸੇ ਬਹੁਤ ਵਧੀਆ ਪਾਰਕ ਬਣਾ ਦਿੱਤਾ ਗਿਆ, ਜਿਥੇ ਲੋਕ ਸੈਰ ਕਰਨ ਲਈ ਆਉਂਦੇ ਹਨ। ਬਾਹਰੋਂ ਆਉਣ-ਜਾਣ ਵਾਲਿਆਂ ਲਈ ਇਥੇ ਇਕ ਗੈਸਟ ਹਾਊਸ ਬਣਾਇਆ ਗਿਆ ਹੈ। 
ਪਿੰਡ ਵਾਸੀਆਂ ਨੇ 60 ਲੱਖ ਰੁਪਏ ਖਰਚ ਕੇ ਕਮਿਊਨਿਟੀ ਹਾਲ ਬਣਾਇਆ ਹੋਇਆ ਹੈ, ਜਿਸ ਵਿਚ ਸਾਰੀਆਂ ਆਧੁਨਿਕ ਸੇਵਾਵਾਂ ਮੌਜੂਦ ਹਨ ਤੇ ਇਸ ਹਾਲ ਵਿਚ ਸਮਾਗਮ ਕੀਤੇ ਜਾਂਦੇ ਹਨ। ਸੰਤ ਬਾਬਾ ਪੂਰਨ ਦਾਸ ਦਾ ਸ਼ਾਨਦਾਰ ਡੇਰਾ ਹੈ ਤੇ ਪਿੰਡ ਦੇ ਵਿਚਕਾਰ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਗੁਰਦੁਆਰੇ ਦੀ ਇਮਾਰਤ ਤਿਆਰ ਹੋ ਰਹੀ ਹੈ। ਪਿੰਡ ਵਿਚ ਦਾਣਾ ਮੰਡੀ, ਸਰਕਾਰੀ ਸਕੂਲ, ਜਲਘਰ, ਪਸ਼ੂ ਹਸਪਤਾਲ, ਆਂਗਣਵਾੜੀ ਸੈਂਟਰ ਆਦਿ ਮੌਜੂਦ ਹੈ। 
ਜਿੰਦ-ਜਾਨ ਲਾ ਕੇ ਲੋਕ ਇਕ-ਦੂਜੇ ਦਾ ਦਿੰਦੇ ਹਨ ਸਾਥ
ਸਮੁੱਚੇ ਪਿੰਡ ਵਾਸੀ ਜਾਗਰੂਕ ਹਨ ਤੇ ਸਭ ਨੂੰ ਸ਼ੌਂਕ ਹੈ ਕਿ ਉਨ੍ਹਾਂ ਦਾ ਪਿੰਡ ਸੋਹਣਾ ਲੱਗੇ। ਇਸੇ ਕਰਕੇ ਹੀ ਲੋਕ ਤਨ, ਮਨ ਅਤੇ ਜਿੰਦ ਜਾਨ ਲਾ ਕੇ ਇਕ-ਦੂਜੇ ਦਾ ਸਾਥ ਦਿੰਦੇ ਹਨ, ਸਾਰੇ ਪਾਸੇ ਮਾਹੌਲ ਸ਼ਾਂਤ ਹੈ ਤੇ ਵਾਤਾਵਰਣ ਸਾਫ਼-ਸੁਥਰਾ ਹੈ। ਆਪਸੀ ਸਾਂਝ ਤੇ ਭਾਈਚਾਰਾ ਕਾਇਮ ਹੈ। ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ ਕਿ ਅੱਜ ਉਨ੍ਹਾਂ ਦਾ ਪਿੰਡ ਚਰਚਾ ਵਿਚ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਹੀ ਢੰਗ ਤੇ ਈਮਾਨਦਾਰੀ ਨਾਲ ਸਾਰਾ ਪੈਸਾ ਖਰਚਿਆ ਜਾਵੇ ਤਾਂ ਪਿੰਡਾਂ ਦਾ ਵਿਕਾਸ ਹੋ ਸਕਦਾ ਹੈ ਤੇ ਨੁਹਾਰ ਬਦਲੀ ਜਾ ਸਕਦੀ ਹੈ। ਵੱਡੀ ਗੱਲ ਹੈ ਕਿ ਪਿੰਡ ਵਿਚ ਸਾਰੀਆਂ ਸਾਂਝੀਆਂ ਥਾਵਾਂ, ਚੌਕਾਂ ਤੇ ਮੋੜਾਂ ਆਦਿ 'ਤੇ ਲੋਕਾਂ ਦੇ ਬੈਠਣ ਲਈ ਬੈਂਚ ਰੱਖੇ ਹੋਏ ਹਨ ਤੇ ਇਥੋਂ ਤੱਕ ਕਿ ਹਰ ਘਰ ਨੂੰ ਆਪਣੇ ਬੂਹੇ ਅੱਗੇ ਰੱਖਣ ਲਈ ਇਕ-ਇਕ ਬੈਂਚ ਦਿੱਤਾ ਹੋਇਆ ਹੈ। 
ਨਾ ਕੋਈ ਗਲੀ ਕੱਚੀ, ਨਾ ਉਡਦੀ ਹੈ ਧੂੜ-ਮਿੱਟੀ 
ਪਿੰਡ ਦੀ ਕੋਈ ਵੀ ਗਲੀ ਕੱਚੀ ਨਹੀਂ ਹੈ ਤੇ ਸਾਰੀਆਂ ਗਲੀਆਂ ਇੰਟਰਲਾਕ ਟਾਈਲਾਂ ਲਾ ਕੇ ਲੋਕਾਂ ਦੇ ਬੂਹਿਆਂ ਤੱਕ ਬਣਾਈਆਂ ਗਈਆਂ ਹਨ। ਕੋਈ ਨਾਲੀ ਵੀ ਅਧੂਰੀ ਨਹੀਂ ਹੈ। ਨਾ ਕਿਤੇ ਧੂੜ-ਮਿੱਟੀ ਉਡਦੀ ਹੈ ਤੇ ਨਾ ਕਿਧਰੇ ਗੰਦਗੀ ਦਾ ਢੇਰ ਹੈ, ਨਾ ਹੀ ਕਿਸੇ ਗਲੀ ਵਿਚ ਕੋਈ ਖੱਡਾ ਹੈ ਤੇ ਨਾ ਹੀ ਕਿਧਰੇ ਗੰਦਾ ਪਾਣੀ ਖੜ੍ਹਾ ਨਜ਼ਰ ਆਉਂਦਾ ਹੈ। ਥਾਂ-ਥਾਂ 'ਤੇ ਗਲੀਆਂ ਤੇ ਸੜਕਾਂ ਦੇ ਕਿਨਾਰੇ 'ਤੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਗਏ ਹਨ ਤੇ ਇਨ੍ਹਾਂ ਬੂਟਿਆਂ ਦੀ ਪੂਰੀ ਤਰ੍ਹਾਂ ਸਾਂਭ-ਸੰਭਾਲ ਹੋ ਰਹੀ ਹੈ। ਗਲੀਆਂ ਵਿਚ ਲਾਈਟਾਂ ਲੱਗੀਆਂ ਹੋਈਆਂ ਹਨ ਤੇ ਪਿੰਡ 'ਚ 7 ਥਾਵਾਂ 'ਤੇ ਵੱਡੀਆਂ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਸਾਰਾ ਪਿੰਡ ਸਾਫ਼-ਸੁਥਰਾ ਨਜ਼ਰ ਆ ਰਿਹਾ ਹੈ। ਆਵਾਰਾ ਪਸ਼ੂ ਵੀ ਕਿਧਰੇ ਨਹੀਂ ਦਿਸ ਰਹੇ। ਹਰ ਆਉਣ-ਜਾਣ ਵਾਲੇ ਨੂੰ ਇਹੀ ਭੁਲੇਖਾ ਪੈਂਦਾ ਹੈ ਕਿ ਇਹ ਪਿੰਡ ਕਿਸੇ ਬਾਹਰਲੇ ਦੇਸ਼ ਵਰਗਾ ਹੈ।


Related News