ਕਿਸਾਨ ਪਿਉ-ਪੁੱਤ ਨੇ ਚੌਕੀ ਇੰਚਾਰਜ ਤੇ ਮੁਲਾਜ਼ਮਾਂ 'ਤੇ ਲਾਏ ਕੁੱਟ-ਮਾਰ ਕਰਨ ਦੇ ਦੋਸ਼

04/23/2018 11:47:09 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਇੱਥੋਂ ਦੇ ਨੇੜਲੇ ਪਿੰਡ ਸੂਰੇਵਾਲਾ ਨਿਵਾਸੀ ਕਿਸਾਨ ਪਿਉ-ਪੁੱਤ ਨੇ ਬੀਤੀ ਰਾਤ ਦੋਦਾ ਪੁਲਸ ਚੌਕੀ ਦੇ ਇੰਚਾਰਜ ਸਮੇਤ ਪੁਲਸ ਮੁਲਾਜ਼ਮਾਂ 'ਤੇ ਬਿਨਾਂ ਕਿਸੇ ਕਾਰਨ ਕਥਿਤ ਤੌਰ 'ਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਹਨ, ਜਦਕਿ ਦੂਜੇ ਪਾਸੇ ਚੌਕੀ ਇੰਚਾਰਜ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ। 
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਪੁੱਤਰ ਗੁਲਜ਼ਾਰ ਸਿੰਘ ਨਿਵਾਸੀ ਸੂਰੇਵਾਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1:00 ਵਜੇ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਨਾਲ ਦਾਣਾ ਮੰਡੀ ਸੂਰੇਵਾਲਾ ਤੋਂ ਕਣਕ ਤੁਲਵਾ ਕੇ ਆਪਣੇ ਘਰ ਪਰਤ ਰਿਹਾ ਸੀ। ਰਾਸਤੇ 'ਚ ਮੜਾਕ ਰੋਡ 'ਤੇ ਦੋਦਾ ਪੁਲਸ ਚੌਕੀ ਦੇ ਇੰਚਾਰਜ ਗੁਰਲਾਲ ਸਿੰਘ ਨੇ ਪੰਜ ਹੋਰ ਪੁਲਸ ਮੁਲਾਜ਼ਮਾਂ ਸਮੇਤ ਨਾਕਾ ਲਾਇਆ ਹੋਇਆ ਸੀ। ਉਹ ਜਦੋਂ ਉੱਥੋਂ ਲੰਘਣ ਲੱਗੇ ਤਾਂ ਮੁਲਾਜ਼ਮਾਂ ਨੇ ਬਿਨਾਂ ਕੋਈ ਪੁੱਛ-ਪੜਤਾਲ ਕੀਤੇ ਕਥਿਤ ਰੂਪ ਵਿਚ ਉਨ੍ਹਾਂ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। 
ਉਨ੍ਹਾਂ ਦੋਸ਼ ਲਾਇਆ ਕਿ ਉਕਤ ਪੁਲਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਅਸੀਂ ਇਨ੍ਹਾਂ ਨੂੰ ਕਿਹਾ ਕਿ ਅਸੀਂ ਮੰਡੀ ਵਿਚ ਕਣਕ ਤੋਲ ਕੇ ਆਏ ਹਾਂ ਤਾਂ ਇਨ੍ਹਾਂ ਨੇ ਸਾਡੀ ਗੱਲ ਨਾ ਸੁਣੀ ਅਤੇ ਕਥਿਤ ਰੂਪ ਵਿਚ ਸਾਡੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਲੜਕੇ ਦੀ ਡਾਂਗ ਵੱਜਣ ਨਾਲ ਖੱਬੀ ਬਾਂਹ ਟੁੱਟ ਗਈ, ਜਿਸ ਨੂੰ ਪਿੰਡ ਦੋਦਾ ਦੇ ਮੁੱਢਲੇ ਸਿਹਤ ਕੇਂਦਰ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਧੀ ਰਾਤ ਸਾਨੂੰ ਕਹਿੰਦੇ ਕਿ ਮੋਟਰਸਾਈਕਲ ਦੀ ਆਰ. ਸੀ. ਦਿਖਾਓ, ਨਹੀਂ ਤਾਂ ਅਸੀਂ ਤੁਹਾਡਾ ਚਲਾਨ ਕਰ ਦੇਵਾਂਗੇ, ਅਸੀਂ ਜਦੋਂ ਆਰ. ਸੀ. ਵਿਖਾਈ ਤਾਂ ਇਨ੍ਹਾਂ ਨੇ ਸਾਡੀਆਂ ਫੋਟੋਆਂ ਖਿੱਚ ਲਈਆਂ ਅਤੇ ਮੇਰੇ ਪੁੱਤ ਨੂੰ ਫੜ ਕੇ ਜਬਰੀ ਆਪਣੀ ਗੱਡੀ 'ਚ ਸੁੱਟਣ ਲੱਗੇ। ਅਸੀਂ ਕਿਸੇ ਜਾਣਕਾਰ ਦਾ ਫੋਨ ਕਰਵਾ ਕੇ ਇਨ੍ਹਾਂ ਤੋਂ ਆਪਣਾ ਖਹਿੜਾ ਛੁਡਵਾਇਆ। ਉਨ੍ਹਾਂ ਮੰਗ ਕੀਤੀ ਇਨ੍ਹਾਂ ਉਕਤ ਪੁਲਸ ਮੁਲਾਜ਼ਮਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਦੋਦਾ ਗੁਰਲਾਲ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅਸੀਂ ਰਾਤ ਕਰੀਬ ਡੇਢ ਵਜੇ ਸੂਰੇਵਾਲਾ ਪਿੰਡ ਨਾਕਾ ਲਾਇਆ ਹੋਇਆ ਸੀ ਅਤੇ ਉਕਤ ਕਿਸਾਨ ਪਿਉ-ਪੁੱਤ ਨੂੰ ਰੋਕਿਆ। ਇਨ੍ਹਾਂ ਕੋਲ ਕੋਈ ਪਛਾਣ ਪੱਤਰ ਨਹੀਂ ਸੀ, ਜਿਸ ਕਾਰਨ ਇਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਉਨ੍ਹਾਂ ਸ਼ਰਾਬ ਪੀਤੀ ਹੋਈ ਸੀ ਅਤੇ ਨਾ ਹੀ ਉਕਤ ਪਿਉ-ਪੁੱਤ ਨਾਲ ਕੋਈ ਕੁੱਟ-ਮਾਰ ਕੀਤੀ। 
ਇਸ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਗਿੱਦੜਬਾਹਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਜਾਂਚ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 


Related News