ਸ਼ਿਵ ਸੈਨਾ ਆਗੂ ਦੀ ਕੀਤੀ ਕੁੱਟਮਾਰ, ਪਾੜੇ ਕੱਪੜੇ

04/15/2018 5:05:44 AM

ਫਗਵਾੜਾ,   (ਹਰਜੋਤ, ਜਲੋਟਾ)-  ਬੀਤੀ ਰਾਤ ਇਥੋਂ ਦੇ ਗੋਲ ਚੌਕ ਵਿਖੇ ਦਲਿਤ ਭਾਈਚਾਰੇ ਵੱਲੋਂ ਡਾ. ਅੰਬੇਡਕਰ ਸਾਹਿਬ ਤੇ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਦੇ ਮਾਮਲੇ ਤੋਂ ਪੈਦਾ ਹੋਏ ਤਣਾਅ ਦੀ ਸਥਿਤੀ ਅੱਜ ਜਿਉਂ ਦੀ ਤਿਉਂ ਹੀ ਬਣੀ ਰਹੀ ਤੇ ਜਲੰਧਰ ਰੇਂਜ ਦੇ ਆਈ. ਜੀ. ਨੌਨਿਹਾਲ ਸਿੰਘ ਨੇ ਖੁਦ ਸਾਰੀ ਸਥਿਤੀ 'ਤੇ ਨਜ਼ਰ ਰੱਖੀ ਤੇ ਇਸ ਮਾਮਲੇ ਨੂੰ ਨਜਿੱਠਣ ਲਈ ਕਈ ਉਪਰਾਲੇ ਕੀਤੇ ਪਰ ਸਾਰੇ ਉਪਰਾਲੇ ਬੇਸਿੱਟਾ ਰਹੇ। ਦਲਿਤ ਭਾਈਚਾਰੇ ਦਾ ਇਕੱਠ ਚੱਕ ਹਕੀਮ ਵਿਖੇ ਹੋਇਆ, ਜਿਥੇ ਡੀ. ਸੀ. ਮੁਹੰਮਦ ਤਇਅਬ ਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਮੌਕੇ 'ਤੇ ਪੁੱਜੇ ਪਰ ਇਸ ਵਰਗ ਨੇ ਪ੍ਰਸ਼ਾਸਨ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਦੋਨਾਂ ਅਫ਼ਸਰਾਂ ਨੂੰ ਬਾਹਰੋਂ ਹੀ ਮੁੜਨਾ ਪਿਆ। ਦੂਜੇ ਪਾਸੇ ਜਨਰਲ ਸਮਾਜ ਦਾ ਇਕੱਠ ਹਨੂੰਮਾਨਗੜ੍ਹੀ ਵਿਖੇ ਹੋਇਆ, ਜਿਥੇ ਸ਼ਿਵ ਸੈਨਾ ਸਮੇਤ ਇਸ ਵਰਗ ਨੂੰ ਸ਼ਾਂਤ ਕਰਨ ਲਈ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਮੌਕੇ 'ਤੇ ਗਏ, ਜਿਸ ਦੌਰਾਨ ਇਸ ਵਰਗ ਨੇ ਦੋਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਇਨ੍ਹਾਂ ਆਗੂਆਂ 'ਚ ਸਤਬੀਰ ਸਿੰਘ ਸਾਬੀ, ਵਿਜੇ ਸ਼ਰਮਾ, ਗਰੀਸ਼ ਸ਼ਰਮਾ ਸ਼ਾਮਲ ਸਨ ਤੇ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਇਸ ਵਰਗ ਨੂੰ ਸ਼ਹਿ ਦੇ ਰਿਹਾ ਹੈ, ਜਿਸ ਕਾਰਨ ਕਿਸੇ ਵੇਲੇ ਵੀ ਸਮਾਜਿਕ ਦੰਗੇ ਫੈਲਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਹੀ ਆਗੂ ਹਨ ਜੋ ਹਰ ਸਮੇਂ ਸ਼ਹਿਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਇਨ੍ਹਾਂ ਨੂੰ ਕਾਬੂ ਕਰਨ ਦੇ ਅਸਮਰੱਥ ਹੈ ਤਾਂ ਇਸ ਦਾ ਕੋਈ ਹੋਰ ਹੱਲ ਲੱਭਣਾ ਚਾਹੀਦਾ ਹੈ, ਇਨ੍ਹਾਂ 'ਚੋਂ ਕਈਆਂ ਨੇ ਏ. ਡੀ. ਸੀ., ਐੱਸ. ਡੀ. ਐੱਮ. ਤੇ ਐੱਸ. ਪੀ. ਨੂੰ ਵੀ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਐੱਸ. ਡੀ. ਐੱਮ. ਵੱਲੋਂ ਮੌਕੇ 'ਤੇ ਦੇਰੀ ਵਰਤਣ ਕਾਰਨ ਪਥਰਾਓ ਹੋਇਆ ਹੈ। ਅੱਜ ਸਵੇਰੇ ਵਾਲਮੀਕਿ ਮੁਹੱਲੇ ਵਿਖੇ ਕੁਝ ਵਾਲਮੀਕਿ ਬਰਾਦਰੀ ਦੇ ਲੋਕਾਂ ਨੇ ਸ਼ਿਵ ਸੈਨਾ ਆਗੂ ਰਾਜੇਸ਼ ਪਲਟਾ ਨੂੰ ਘਰੋਂ ਨਿਕਲਦੇ ਨੂੰ ਹੀ ਘੇਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਤੇ ਟੀ-ਸ਼ਰਟ ਵੀ ਉਤਾਰ ਦਿੱਤੀ ਤੇ ਖੰਭੇ 'ਤੇ ਟੰਗ ਦਿੱਤੀ।
ਦੋਨਾਂ ਧਿਰਾਂ ਖਿਲਾਫ਼ ਕੇਸ ਦਰਜ
ਪੁਲਸ ਨੇ ਦੋਨਾਂ ਧਿਰਾ ਦੇ 32 ਮੈਂਬਰਾਂ ਖਿਲਾਫ਼ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਪਹਿਲੀ ਧਿਰ 'ਚ ਦਲਿਤ ਆਗੂ ਜਰਨੈਲ ਨੰਗਲ ਤੇ ਉਸ ਦੇ ਪੁੱਤਰ, ਹਰਭਜਨ ਸੁਮਨ, ਪ੍ਰਦੀਪ ਕੁਮਾਰ ਉਰਫ਼ ਦੀਪਾ ਮੱਲ, ਸਤੀਸ਼ ਸੁਮਨ, ਪਰਮਿੰਦਰ ਬੋਧ, ਸ਼ਾਮਾ, ਜਸਵਿੰਦਰ, ਬੋਤੀ ਪੁੱਤਰ ਲੱਡੂ, ਕੁਲਵਿੰਦਰ ਪੁੱਤਰ ਜੀਤ ਰਾਮ, ਬਲਜਿੰਦਰ, ਰੇਸ਼ਮ ਨੰਗਲ, ਪਵਨ ਬੱਧਨ, ਅਸ਼ਵਨੀ ਬਘਾਣੀਆਂ, ਸੁਰਿੰਦਰ ਢੱਡਾ, ਯਸ਼ ਬਰਨਾ, ਦੀਪਕ ਹੈਪੀ ਭਾਰਦਵਾਜ, ਇੰਦਰਜੀਤ ਕਰਵਲ, ਸ਼ਿਵੀ ਬੱਤਾ, ਸੰਜੀਵ ਜੌਨੀ, ਰਾਜੇਸ਼ ਪਲਟਾ, ਟਿੱਕਾ, ਸੰਨੀ ਬੱਤਾ, ਰਾਜੂ ਚਾਹਲ, ਬੱਲੂ ਵਾਲੀਆ, ਬੰਟੂ ਵਾਲੀਆ, ਇੰਦਰਜੀਤ ਕਰਵਲ ਦੇ ਮਾਮੇ ਦਾ ਮੁੰਡਾ, ਸਾਹਬੀ ਟੌਹਰੀ, ਘਈ ਫ਼ਾਇਨਾਂਸਰਜ਼, ਬਿੱਲੇ ਪ੍ਰਭਾਕਰ ਦਾ ਭਤੀਜਾ ਘੰਟੀ, ਯੋਗੇਸ਼ ਪ੍ਰਭਾਕਰ, 250-300 ਨਾਮਾਲੂਮ ਵਿਅਕਤੀ ਤੇ 100-150 ਨਾਮਾਲੂਮ ਨੌਜਵਾਨ ਸ਼ਾਮਲ ਹਨ। ਇਨ੍ਹਾਂ ਖਿਲਾਫ਼ ਪੁਲਸ ਨੇ ਧਾਰਾ 307, 332, 353, 186, 295, 427, 148, 149, 25, 27, 8-ਏ ਨੈਸ਼ਨਲ ਹਾਈਵੇਜ਼ ਐਕਟ 1956 ਤਹਿਤ ਕੇਸ ਦਰਜ ਕੀਤਾ ਹੈ।ਇਸੇ ਤਰ੍ਹਾਂ ਦੂਜੀ ਧਿਰ ਦੇ ਸ਼ਿਵੀ ਬੱਤਾ, ਬੱਲੂ ਵਾਲੀਆ, ਪ੍ਰਦੀਪ ਮੱਲ ਤੇ ਇਕ ਹੋਰ ਨਾਮਾਲੂਮ ਵਿਅਕਤੀ ਖਿਲਾਫ਼ ਧਾਰਾ 307, 392, 353, 186, 427, 148, 149 ਤਹਿਤ ਕੇਸ ਦਰਜ ਕੀਤਾ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ. ਤੇ ਡੀ. ਸੀ
ਇਸ ਸਬੰਧੀ ਗੱਲਬਾਤ ਕਰਨ 'ਤੇ ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਰਾਤ ਵਾਲੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


Related News