ਨੌਜਵਾਨ ਨੂੰ ਅਗਵਾ ਕਰ ਕੇ ਕੀਤੀ ਕੁੱਟਮਾਰ

Tuesday, Feb 11, 2025 - 12:58 PM (IST)

ਨੌਜਵਾਨ ਨੂੰ ਅਗਵਾ ਕਰ ਕੇ ਕੀਤੀ ਕੁੱਟਮਾਰ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਇਕ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਕੁੱਟਮਾਰ ਕਰਨ ਤੇ ਉਸ ਦੇ ਗੁਪਤ ਅੰਗ ’ਚ ਪੈਟਰੋਲ ਪਾਉਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪਿੰਡ ਕੁੰਡੇ ਦੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਉਸਦਾ ਪੁੱਤਰ ਲੇਬਰ ਦਾ ਕੰਮ ਕਰਦਾ ਹੈ। ਪਿਛਲੇ 6 ਮਹੀਨੇ ਤੋਂ ਉਹ ਘਰ ਦੇ ਸਾਹਮਣੇ ਰਹਿਣ ਵਾਲੇ ਸੇਵਕ ਅਤੇ ਸਾਗਰ ਦੀ ਬਣ ਰਹੀ ਕੋਠੀ ਵਿਚ ਲੇਬਰ ਦਾ ਕੰਮ ਕਰਦਾ ਆ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਜਦ ਪਤਾ ਲੱਗਾ ਕਿ ਸਾਗਰ ਅਤੇ ਸੇਵਕ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਆਪਣੇ ਪੁੱਤਰ ਨੂੰ ਉਸਦੇ ਕੰਮ ਤੋਂ ਤੁਰੰਤ ਹਟਵਾ ਦਿੱਤਾ। ਇਸ ਤੋਂ ਬਾਅਦ ਉਕਤ ਦੋਹਾਂ ਭਰਾਵਾਂ ਨੇ ਉਸਦੇ ਪੁੱਤਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ’ਤੇ ਚੋਰੀ ਦਾ ਝੂਠਾ ਇਲਜ਼ਾਮ ਲਗਾ ਦਿੱਤਾ।

5 ਫਰਵਰੀ ਨੂੰ ਉਕਤ ਦੋਵੇਂ ਮੁਲਜ਼ਮ ਅਤੇ ਇਨ੍ਹਾਂ ਦੇ ਸਾਥੀ ਧੰਮੀ, ਵਾਰਿਸ ਕਾਰ ’ਚ ਉਸਦੇ ਲੜਕੇ ਨੂੰ ਜ਼ਬਰਦਸਤੀ ਅਗਵਾ ਕਰ ਕੇ ਲੈ ਗਏ ਅਤੇ ਕਿਸੇ ਅਣਜਾਣ ਜਗ੍ਹਾ ’ਤੇ ਲਿਜਾ ਕੇ ਉਸਦੀ ਬੈਲਟਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗੁਪਤ ਅੰਗ ’ਚ ਪੈਟਰੋਲ ਪਾ ਦਿੱਤਾ। ਅਗਲੇ ਦਿਨ ਮੁਲਜ਼ਮਾਂ ਨੇ ਉਸ ਨੂੰ ਛੱਡ ਦਿੱਤਾ। ਥਾਣਾ ਸਦਰ ਦੇ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News