ਸਰਕਾਰੀ ਮੁਲਾਜ਼ਮ ਦੇ ਪਰਿਵਾਰ ਵੱਲੋਂ ਮਾਂ-ਪੁੱਤ ਨਾਲ ਭਾਰੀ ਕੁੱਟਮਾਰ, ਪਾੜੇ ਕੱਪੜੇ

Wednesday, Jul 29, 2020 - 04:46 PM (IST)

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਬਲਟਾਣਾ ਵਿਖੇ ਸਰਕਾਰੀ ਮੁਲਾਜ਼ਮ ਦੇ ਪਰਿਵਾਰ ਵੱਲੋਂ ਗੁਆਂਢੀ ਮਾਂ-ਪੁੱਤ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅੁਨਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਵੰਦਨਾ ਮਿਸ਼ਰਾ ਨੇ ਦੱਸਿਆ ਕਿ ਉਹ ਬਲਟਾਣਾ ਦੇ ਫੇਜ਼-4, ਸੈਣੀ ਬਿਹਾਰ 'ਚ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਉਸ ਨੇ ਅਪਣੇ ਗੁਆਂਢੀ ਦੇ ਪਰਿਵਾਰ 'ਤੇ ਗੰਭੀਰ ਦੋਸ਼ ਲਾਏ ਹਨ ਕਿ ਉਸਦਾ ਗੁਆਂਢੀ ਸੈਰ-ਸਪਾਟਾ ਮਹਿਕਮਾ, ਚੰਡੀਗੜ੍ਹ ਵਿਖੇ ਚਪੜਾਸੀ ਵਜੋਂ ਨੌਕਰੀ ਕਰਦਾ ਹੈ।

PunjabKesari

ਪੀੜਤਾ ਨੇ ਦੋਸ਼ ਲਾਇਆ ਕਿ ਸਰਕਾਰੀ ਮੁਲਾਜ਼ਮ ਅਤੇ ਉਸ ਦੇ ਪੁੱਤਰ ਰਾਜ ਕੁਮਾਰ ਨੇ ਘਰ ਦੀਆਂ ਜਨਾਨੀਆਂ ਸਮੇਤ ਅਹੁਦੇ ਦੀ ਧੌਂਸ ਅਤੇ ਪੁਰਾਣੀ ਰੰਜਿਸ਼ ਰੱਖਦਿਆਂ ਬੀਤੀ ਰਾਤ ਕਰੀਬ 10 ਵਜੇ ਗਿਣੀ-ਮਿੱਥੀ ਸਾਜਿਸ਼ ਤਹਿਤ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਉਕਤ ਪਰਿਵਾਰ ਨੇ ਉਸ ਦੀ ਅਤੇ ਉਸ ਦੇ ਪੁੱਤ ਦੀ ਭਾਰੀ ਕੁੱਟਮਾਰ ਕੀਤੀ ਅਤੇ ਫਿਰ ਲੱਤਾਂ ਮਾਰਦਿਆਂ ਉਸ ਦੇ ਕੱਪੜੇ ਵੀ ਫਾੜ ਦਿੱਤੇ ਅਤੇ ਉਸ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਦੋਹਾਂ ਮਾਂ-ਪੁੱਤ ਨੂੰ ਦੂਜੇ ਗੁਆਂਢੀਆਂ ਨੇ ਹਸਪਤਾਲ ਢਕੋਲੀ ਪਹੁੰਚਾਇਆ।

ਇਸੇ ਦੌਰਾਨ ਹੋਰ ਗੁਆਂਢੀਆਂ ਨੇ ਵੀ ਦੱਸਿਆ ਕਿ ਉਕਤ ਸਰਕਾਰੀ ਮੁਲਾਜ਼ਮ ਦਾ ਪਰਿਵਾਰ ਕਿਸੇ ਸਰਕਾਰੀ ਅਧਿਕਾਰੀ ਦੀ ਸ਼ਹਿ 'ਤੇ ਹਰ ਸਮੇਂ ਝਗੜਾ ਕਰਦਾ ਰਹਿੰਦਾ ਹੈ ਅਤੇ ਕਿਉਂਕਿ ਸਰਕਾਰੀ ਅਧਿਕਾਰੀਆਂ ਦੇ ਫੋਨ ਕਾਰਨ ਪੁਲਸ ਪ੍ਰਸ਼ਾਸਨ ਬਿਨਾ ਕਾਰਵਾਈ ਕੀਤੇ ਉਲਟੇ ਪੈਰ ਵਾਪਸ ਪਰਤ ਜਾਦਾਂ ਹੈ। ਪੁਲਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਇਸ ਪਰਿਵਾਰ ਦੇ ਹੌਂਸਲੇ ਬੁਲੰਦ ਰਹਿੰਦੇ ਹਨ, ਜਿਸ ਕਰਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

ਸਮੂਹ ਇਲਾਕਾ ਵਾਸੀਆਂ ਨੇ ਪੀੜਤ ਵੰਦਨਾ ਮਿਸ਼ਰਾ 'ਤੇ ਕੀਤੇ ਹਮਲੇ ਦੀ ਸਖ਼ਤ ਸਬਦਾਂ 'ਚ ਨਿੰਦਾ ਕੀਤੀ ਹੈ ਅਤੇ ਐਸ. ਐਸ. ਪੀ. ਮੋਹਾਲੀ ਨੂੰ ਉਕਤ ਪਰਿਵਾਰ ਖਿਲਾਫ਼ ਬਣਦੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਮਾਮਲੇ ਸਬੰਧੀ ਬਲਟਾਣਾ ਪੁਲਸ ਚੌਂਕੀ ਇੰਚਾਰਜ ਏ. ਐਸ. ਆਈ. ਨਰਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News