ਘਰ ਵੜ੍ਹ ਗਰਭਵਤੀ ਔਰਤ ਤੇ ਉਸ ਦੀ ਮਾਂ-ਭੈਣ ਨਾਲ ਕੀਤੀ ਕੁੱਟਮਾਰ, ਪਰਚਾ ਦਰਜ

Wednesday, Nov 13, 2019 - 12:00 PM (IST)

ਘਰ ਵੜ੍ਹ ਗਰਭਵਤੀ ਔਰਤ ਤੇ ਉਸ ਦੀ ਮਾਂ-ਭੈਣ ਨਾਲ ਕੀਤੀ ਕੁੱਟਮਾਰ, ਪਰਚਾ ਦਰਜ

ਭਵਾਨੀਗੜ੍ਹ (ਵਿਕਾਸ) : ਘਰ 'ਚ ਦਾਖਲ ਹੋ ਗਰਭਵਤੀ ਮਹਿਲਾ ਸਣੇ ਉਸ ਦੀ ਮਾਂ ਤੇ ਭੈਣ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ 2 ਅੋਰਤਾਂ ਸਣੇ 8 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸਦਾ ਵਿਆਹ ਅਮਿਤ ਕੁਮਾਰ ਨਾਲ ਹੋਇਆ ਸੀ। ਉਹ ਗਰਭਵਤੀ ਹੈ ਅਤੇ ਜਣੇਪੇ ਕਰਕੇ ਉਹ ਆਪਣੇ ਪੇਕੇ ਘਰ ਭਵਾਨੀਗੜ੍ਹ ਵਿਖੇ ਇਕ ਮਹੀਨੇ ਤੋਂ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਉਹ ਘਰ 'ਚ ਆਪਣੀ ਮਾਂ ਤੇ ਭੈਣ ਨਾਲ ਖਾਣਾ ਖਾ ਕੇ ਬੈੱਡਰੂਮ 'ਚ ਟੀਵੀ ਦੇਖ ਰਹੀ ਸੀ।

ਇਸ ਦੌਰਾਨ ਭਗਵੰਤ ਸਿੰਘ ਬਾਲਦ ਖੁਰਦ, ਸੰਦੀਪ ਕੁਮਾਰ ਟੋਨੀ, ਸੁਨੀਲ ਕੁਮਾਰ, ਸਲਜਿੰਦਰ ਕੌਰ, ਰਜਨੀ, ਗੁਰਧਿਆਨ ਸਿੰਘ ਅਤੇ ਲਵਲੀ ਇਕ ਹੋਰ ਵਿਅਕਤੀ ਨਾਲ ਆਪਣੇ ਹੱਥਾਂ 'ਚ ਕ੍ਰਿਪਾਨਾਂ ਅਤੇ ਡਾਂਗਾ ਫੜ ਕੇ ਉਸ ਦੇ ਬੈੱਡਰੂਮ 'ਚ ਆ ਵੜ੍ਹੇ। ਭਗਵੰਤ ਸਿੰਘ ਨੇ ਉਸਨੂੰ ਗਲਾਵੇ ਤੋਂ ਫੜ ਕੇ ਹੇਠਾਂ ਸੁੱਟ ਦਿੱਤਾ ਤੇ ਫਿਰ ਸੁਨੀਲ ਕੁਮਾਰ ਨੇ ਉਸਦੇ ਢਿੱਡ 'ਚ ਲੱਤ ਮਾਰੀ। ਰੌਲਾ ਸੁਣ ਕੇ ਉਸ ਦੀ ਭੈਣ ਅਤੇ ਮਾਂ ਉਸ ਕੋਲ ਆ ਗਈਆਂ, ਜਿਨ੍ਹਾਂ ਨੇ ਉਸਨੂੰ ਬਚਾਉਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ।

ਘਰ 'ਚ ਪੈ ਰਿਹਾ ਚੀਕ ਚਿਖਾੜਾ ਸੁਣ ਕੇ ਲੋਕ ਇਕੱਠੇ ਹੋ ਗਏ, ਜਿਸ ਕਾਰਨ ਉਕਤ ਲੋਕ ਘਰ ਦੇ ਗੇਟ 'ਤੇ ਕ੍ਰਿਪਾਨਾਂ ਮਾਰਦੇ ਹੋਏ ਭੱਜ ਗਏ। ਪੁਲਸ ਨੇ ਮਾਮਲੇ ਨੂੰ ਲੈ ਕੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇਕ ਅਣਪਛਾਤੇ ਵਿਅਕਤੀ ਸਮੇਤ ਉਕਤ ਲੋਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News