ਪੈਸਿਆਂ ਨੂੰ ਲੈ ਕੇ ਡੀ. ਜੇ. ਸੰਚਾਲਕ ਨਾਲ ਕੁੱਟਮਾਰ, 7 ਨਾਮਜ਼ਦ
Thursday, Jan 04, 2018 - 01:40 PM (IST)

ਮੋਗਾ (ਆਜ਼ਾਦ) - ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਡੀ. ਜੇ. ਸੰਚਾਲਕ ਅਜੇ ਸਿੰਘ ਨਿਵਾਸੀ ਮੁਹੱਲਾ ਬੇਰੀਆਂ ਵਾਲਾ ਮੋਗਾ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧ 'ਚ ਥਾਣਾ ਸਿਟੀ ਮੋਗਾ ਵੱਲੋਂ ਕਰਨ ਠੁਕਰਾਲ, ਰਾਹੁਲ ਤੇ ਉਸ ਦੇ 4-5 ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਸਮਰਾਟ ਹੋਟਲ 'ਚ ਨਵੇਂ ਸਾਲ ਲਈ ਡੀ. ਜੇ. ਲਾਇਆ ਹੋਇਆ ਸੀ, ਉਥੇ ਪੈਸਿਆਂ ਨੂੰ ਲੈ ਕੇ ਦੋਸ਼ੀਆਂ ਨਾਲ ਵਿਵਾਦ ਹੋ ਗਿਆ। ਜਦ ਉਹ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ ਤਾਂ ਜੀ. ਟੀ. ਰੋਡ 'ਤੇ ਭਗਤ ਸਿੰਘ ਮਾਰਕੀਟ ਕੋਲ ਦੋਸ਼ੀਆਂ ਨੇ ਆਪਣੀ ਗੱਡੀ ਅੱਗੇ ਲਾ ਕੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨ ਤੋਂ ਇਲਾਵਾ ਉਸ ਦਾ ਮੋਬਾਇਲ ਵੀ ਤੋੜ ਦਿੱਤਾ। ਇਸ ਦੌਰਾਨ ਉਸ ਦੇ ਚਾਰ ਹਜ਼ਾਰ ਰੁਪਏ ਉਥੇ ਡਿੱਗ ਗਏ, ਜੋ ਕਥਿਤ ਦੋਸ਼ੀ ਚੁੱਕ ਕੇ ਲੈ ਗਏ, ਜਿਸ 'ਤੇ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।