ਪੰਜਾਬ ''ਚ ਤਬਾਹੀ! ਬਿਆਸ ਦਰਿਆ ਨੇ ਤੋੜੇ ਸਾਰੇ ਰਿਕਾਰਡ, ਬੰਨ੍ਹ ਨੂੰ ਬਚਾਉਣ ਲਈ ਵਰਤਿਆ ਜਾ ਰਿਹੈ ਹਰ ਹੀਲਾ
Tuesday, Aug 26, 2025 - 12:31 PM (IST)

ਸੁਲਤਾਨਪੁਰ ਲੋਧੀ (ਧੀਰ)-ਬੀਤੇ ਕਰੀਬ 20 ਦਿਨਾਂ ਤੋਂ ਆਹਲੀ ਕਲਾਂ ਵਾਲੇ ਬੰਨ੍ਹ ਨੂੰ ਢਾਹ ਲੱਗਣ ਤੋਂ ਰੋਕਣ ਲਈ ਸੇਵਾ ’ਚ ਲੱਗੀਆਂ ਸੰਗਤਾਂ ਅਖੀਰ ਕੁਦਰਤ ਦੇ ਅੱਗੇ ਬੇਵੱਸ ਹੁੰਦੀਆਂ ਨਜ਼ਰ ਆ ਰਹੀਆਂ ਹਨ। 2 ਦਿਨਾਂ ਤੋਂ ਪੈ ਰਹੀ ਭਰਵੇਂ ਮੀਂਹ ਅਤੇ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਨੇ ਦਰਿਆ ਬਿਆਸ ’ਚ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਆਹਲੀ ਕਲਾਂ ਬੰਨ੍ਹ ਨੂੰ ਵਾਰ-ਵਾਰ ਬਚਾਉਣ ਦੀ ਸੇਵਾ ’ਚ ਸੰਗਤ ਜੁਟੀ ਹੋਈ ਹੈ।
ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਤਬਾਹੀ ਵਿਚਾਲੇ ਪੰਜਾਬ 'ਚ ਲੱਗ ਗਈਆਂ ਵੱਡੀਆਂ ਪਾਬੰਦੀਆਂ, ਜਾਰੀ ਹੋਏ ਨਵੇਂ ਹੁਕਮ
'ਵਾਹਿਗੁਰੂ ਵਾਹਿਗੁਰੂ' ਦਾ ਸਿਮਰਨ ਕਰ ਰਹੀਆਂ ਸੰਗਤਾਂ ਦੇ ਮੂੰਹ ਵਿਚੋਂ ਇਹ ਸ਼ਬਦ ਨਿਕਲਦੇ ਹਨ ਕਿ ਵਾਹਿਗੁਰੂ ਮਿਹਰ ਕਰੀਂ। ਆਹਲੀ ਵਾਲੇ ਬੰਨ੍ਹ ਦੇ ਭਰਵੇਂ ਮੀਂਹ ਵਿਚ ਜੁਟੀ ਸੰਗਤ ਹਾਲੇ ਵੀ ਸਾਹਮਣੇ ਵਿਖਾਈ ਦੇ ਰਹੀ ਕੁਦਰਤੀ ਮਾਰ ਨੂੰ ਸੇਵਾ ਰਾਹੀਂ ਬੰਨ੍ਹ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ।
ਬੰਨ੍ਹ ਦੀ ਸੇਵਾ ਵਿਚ ਜੁਟੇ ਆਹਲੀ ਦੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਰਸ਼ਪਾਲ ਸਿੰਘ ਸੰਧੂ, ਕਰਨਜੀਤ ਆਹਲੀ ਨੇ ਦੱਸਿਆ ਕਿ ਸ਼ਿੰਦੇ ਦੀ ਬੈਂਕ ਨਜ਼ਦੀਕ ਬੰਨ੍ਹ ਨੂੰ ਵੱਡੀ ਮਾਤਰਾ ਵਿਚ ਢਾਅ ਲੱਗੀ ਹੋਈ ਹੈ ਅਤੇ ਅੱਧੇ ਤੋਂ ਵੀ ਜ਼ਿਆਦਾ ਬੰਨ੍ਹ ਵਿਚ ਪਾੜ ਪੈ ਚੁੱਕਾ ਹੈ, ਜਿਸ ਨੂੰ ਹੋਰ ਅੱਗੇ ਰੋਕਣ ਤੋਂ ਸੰਗਤਾਂ ਸੇਵਾ ਵਿਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਕ ਪਲ ਲੱਗਦਾ ਹੈ ਖ਼ਤਰਾ ਟਲ ਗਿਆ ਪਰ ਦੂਜੇ ਪਾਸੇ ਜਦੋਂ ਦਰਿਆ ਬਿਆਸ ਵਿਚ ਪਾਣੀ ਦਾ ਤੇਜ਼ ਵਹਾਅ ਸਾਰਾ ਕੁਝ ਮਲੀਆਮੇਟ ਕਰ ਦਿੰਦਾ ਹੈ ਤਾਂ ਹਿੰਮਤ ਫਿਰ ਜਵਾਬ ਦੇ ਦਿੰਦੀ ਹੈ। ਪਹਾੜੀ ਖੇਤਰਾਂ ਅਤੇ ਮੈਦਾਨੀ ਖੇਤਰਾਂ ਵਿਚ ਪੈ ਰਹੀ ਬਾਰਿਸ਼ ਨੇ ਸਾਰਾ ਜਨ ਜੀਵਨ ਅਸਤ ਵਿਅਸਤ ਕਰ ਦਿੱਤਾ ਹੈ ਅਤੇ ਹੜ੍ਹ ਦਾ ਸੰਭਾਵੀ ਖਤਰਾ ਹੋਰ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਵਧਿਆ ਹੋਰ ਖ਼ਤਰਾ ! ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ
ਉਨ੍ਹਾਂ ਦੱਸਿਆ ਕਿ ਇਸ ਬੰਨ੍ਹ ਨੂੰ ਟਿਕੇ ਰਹਿਣ ’ਤੇ ਹੀ ਸਾਰੇ ਇਲਾਕੇ ਦੀ ਆਸ ਲੱਗੀ ਹੋਈ ਹੈ ਅਤੇ ਜੇ ਵਾਹਿਗੁਰੂ ਨਾ ਕਰੇ ਬੰਨ ਨਹੀਂ ਰਹਿੰਦਾ ਤਾਂ ਹੜ੍ਹ ਨਾਲ ਵੱਡੀ ਪੱਧਰ ’ਤੇ ਹਲਕੇ ਦੇ ਲੋਕਾਂ ਦਾ ਨੁਕਸਾਨ ਹੋਵੇਗਾ, ਜਿਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੋਵੇਗੀ। ਉਨ੍ਹਾਂ ਦੱਸਿਆ ਕਿ ਸੇਵਾ ਵੱਲੋਂ ਸੰਗਤਾਂ ਵਿਚ ਕੋਈ ਕਮੀ ਨਹੀਂ ਹੈ ਪਰ ਜੇ ਕੁਦਰਤ ਹੀ ਨਾ ਚਾਹੇ ਤਾਂ ਉਸ ਨੂੰ ਕੌਣ ਰੋਕ ਸਕਦਾ ਹੈ।
ਸੰਤਾਂ-ਮਹਾਪੁਰਸ਼ਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਦਦ ਲਗਾਤਾਰ ਜਾਰੀ
ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਅਤੇ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਮਦਦ ਸਿਰਫ਼ ਅੰਕੜਿਆਂ ’ਚ ਹੀ ਹੈ, ਜਦਕਿ ਸਚਾਈ ਕੋਹਾਂ ਦੂਰ ਹੈ। ਹੜ੍ਹ ਪ੍ਰਭਾਵਿਤ ਲੋਕ ਖੁੱਲ੍ਹੇ ਆਸਮਾਨ ਹੇਠਾਂ ਆਪਣੇ-ਆਪ ਨੂੰ ਬਚਾਉਣ ਲਈ ਡੇਰਾ ਲਗਾ ਕੇ ਬੈਠੇ ਹਨ ਕਿਉਂਕਿ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੋਂ ਇਲਾਵਾ ਹੁਣ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣਾ ਪਹਿਲ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹੋਇਆ Red Alert ਜਾਰੀ! 29 ਅਗਸਤ ਤੱਕ ਲੋਕ ਰਹਿਣ ਸਾਵਧਾਨ
ਉਨ੍ਹਾਂ ਕਿਹਾ ਕਿ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ, ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਲੰਗਰ ਅਤੇ ਹੋਰ ਜ਼ਰੂਰੀ ਸਮਾਨ ਲਗਾਤਾਰ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਪ੍ਰਸ਼ਾਸਨ ਤੇ ਅਧਿਕਾਰੀ ਮਦਦ ਦੇ ਨਾਮ ’ਤੇ ਲੋਕਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ, ਜਦਕਿ ਸਚਾਈ ਕੋਹਾਂ ਦੂਰ ਹੈ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਅਤੇ ਕੁਲਦੀਪ ਸਿੰਘ ਸਾਂਗਰਾ ਨੇ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿਚ ਉਨ੍ਹਾਂ ਵੱਡਾ ਸਹਿਯੋਗ ਦਿੱਤਾ ਹੈ ਪਰ ਹੁਣ ਪੀੜਤ ਲੋਕਾਂ ਪਾਸ ਹਰ ਤਰ੍ਹਾਂ ਦੀ ਸਮੱਗਰੀ ਬਹੁਤਾਤ ਵਿਚ ਮੌਜੂਦ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! ਸਰਜੀਕਲ ਕੰਪਲੈਕਸ 'ਚ ਫੈਕਟਰੀ 'ਚੋਂ ਗੈਸ ਹੋਈ ਲੀਕ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e