ਸਾਡੀ ਕੋਸ਼ਿਸ਼ ਹੈ ਕਿ ਬਿਆਸ ਡੇਰਾ ਮੁਖੀ ਨੂੰ ਵੀ ਅੰਮ੍ਰਿਤ ਛਕਾ ਦੇਈਏ : ਦਾਦੂਵਾਲ

Sunday, Sep 16, 2018 - 09:06 PM (IST)

ਸਾਡੀ ਕੋਸ਼ਿਸ਼ ਹੈ ਕਿ ਬਿਆਸ ਡੇਰਾ ਮੁਖੀ ਨੂੰ ਵੀ ਅੰਮ੍ਰਿਤ ਛਕਾ ਦੇਈਏ : ਦਾਦੂਵਾਲ

ਜਲੰਧਰ (ਏਜੰਸੀ)- ਸਾਡੀ ਕੋਸ਼ਿਸ਼ ਹੈ ਕਿ ਅਸੀਂ ਡੇਰਾ ਬਿਆਸ ਵਾਲਿਆਂ ਨੂੰ ਵੀ ਅੰਮ੍ਰਿਤ ਛਕਾ ਦਈਏ ਇਹ ਕਹਿਣਾ ਹੈ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ। ਜਗ ਬਾਣੀ ਨਾਲ ਖਾਸ ਗੱਲਬਾਤ ਦੌਰਾਨ ਦਾਦੂਵਾਲ ਨੇ ਕਿਹਾ ਕਿ ਸਾਡੀ ਤਾਂ ਕੋਸ਼ਿਸ਼ ਹੈ ਕਿ ਅਸੀਂ ਡੇਰਾ ਮੁਖੀ ਨੂੰ ਵੀ ਅੰਮ੍ਰਿਤ ਛਕਾ ਦਈਏ ਪਰ ਇਹ ਕੰਮ ਅਸੀਂ ਲੜਾਈ ਝਗੜੇ ਨਾਲ ਨਹੀਂ ਸਗੋਂ ਪ੍ਰੇਮ ਦੇ ਰਸਤੇ ਹੀ ਕਰ ਸਕਦੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਸੰਸਥਾਵਾਂ ਧਰਮ ਵਿਚੋਂ ਨਿਕਲੀਆਂ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ। ਇਨ੍ਹਾਂ ਵਿਚੋਂ ਹੀ ਇਕ ਡੇਰਾ ਬਿਆਸ ਹੈ, ਜੇ ਸਾਡਾ ਉਨ੍ਹਾਂ ਨਾਲ ਮੇਲ-ਮਿਲਾਪ ਵਧਿਆ ਹੈ ਤਾਂ ਅਸੀਂ ਉਨ੍ਹਾਂ ਨੂੰ ਗੁਰੂ ਘਰ ਨਾਲ ਜੋੜਿਆ ਹੈ। ਡੇਰਾ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ ਹੀ ਸੰਗਤ ਵਿਚ ਵਿਚਰਦੇ ਹਨ।

ਦਾਦੂਵਾਲ ਨੇ ਕਿਹਾ ਕਿ ਮੈਂ ਪਹਿਲਾਂ ਡੇਰਾ ਰਾਧਾ ਸਵਾਮੀ ਨਾਲ ਕਦੇ ਨਹੀਂ ਮਿਲਿਆ ਸੀ ਤੇ ਨਾ ਹੀ ਕਦੇ ਡੇਰਾ ਬਿਆਸ ਹੀ ਗਿਆ ਸੀ, ਜਿਸ ਵੇਲੇ ਪਿੰਡ ਵਾਸੀਆਂ ਦਾ ਡੇਰਾ ਬਿਆਸ ਨਾਲ ਗੁਰਦੁਆਰਾ ਵੜੈਚ ਪੱਤੀ ਦੀ 1 ਕਨਾਲ 14 ਮਰਲੇ ਜਗ੍ਹਾ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ। ਉਸ ਵੇਲੇ ਪੰਥਕ ਜਥੇਬੰਦੀਆਂ ਦਾ ਅੰਮ੍ਰਿਤਸਰ ਵਿਚ ਇਕੱਠ ਰੱਖਿਆ ਸੀ, ਜਿਸ ਵਿਚ ਜਥੇਦਾਰ ਅਜਨਾਲਾ ਸਾਹਿਬ ਤੇ ਸਤਿਕਾਰ ਕਮੇਟੀਆਂ ਨੇ ਇਸ ਮੁੱਦੇ ਨੂੰ ਚੁੱਕਿਆ ਅਤੇ ਸਿਮਰਨਜੀਤ ਸਿੰਘ ਮਾਨ ਵੀ ਉਥੇ ਪੁੱਜੇ, ਜਿਸ ਵਿਚ ਮੈਨੂੰ ਵੀ ਸੱਦਿਆ ਗਿਆ। ਉਸ ਤੋਂ ਬਾਅਦ ਡੇਰਾ ਮੁਖੀ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਗੱਲਬਾਤ ਕਰਕੇ ਅਸੀਂ ਗੁਰਦੁਆਰਾ ਵੜੈਚ ਪੱਤੀ ਦੀ 1 ਕਨਾਲ 14 ਮਰਲੇ ਜਗ੍ਹਾ ਬਦਲੇ ਢਾਈ ਕਨਾਲ ਵਿਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਜਿਹੜੀ ਜਗ੍ਹਾ ਪਿੰਡ ਦੀ ਪੰਚਾਇਤ ਤੇ ਪਿੰਡ ਪੱਤੀ ਦੇ ਵਾਸੀ ਵੇਚ ਕੇ ਚਲੇ ਗਏ ਸਨ।

ਇਸ ਵਿਵਾਦ ਕਾਰਨ ਡੇਰਾ ਮੁਖੀ ਨਾਲ ਹੋਈ ਮੁਲਾਕਾਤ ਵਿਚ ਅਸੀਂ ਉਨ੍ਹਾਂ ਨੂੰ ਬਤੌਰ ਸਿੱਖ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਨਤਮਸਤਕ ਹੋਣ ਨੂੰ ਕਿਹਾ। ਡੇਰਾ ਮੁਖੀ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ, ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ। ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭ ਤੋਂ ਵੱਡੇ ਗੁਰੂ ਹਨ ਤੇ ਉਹ ਇਕ ਸੰਸਥਾ ਦੇ ਮੁਖੀ ਹਨ। ਉਸ ਤੋਂ ਬਾਅਦ ਵੀ ਉਹ ਗੁਰੁਆਦਾ ਦਾਦੂ ਸਾਹਿਬ ਆਏ ਅਤੇ ਅੱਜ ਵੀ ਸਾਡੀ ਮੁਲਾਕਾਤ ਹੁੰਦੀ ਹੈ। ਮੈਂ ਇਸ ਤੋਂ ਇਨਕਾਰ ਨਹੀਂ ਕਰਦਾ।

ਦਾਦੂਵਾਲ ਨੇ ਕਿਹਾ ਉਨ੍ਹਾਂ ਦੇ ਬੱਚਿਆਂ ਦੇ ਆਨੰਦ ਕਾਰਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਏ ਹਨ। ਉਨ੍ਹਾਂ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੀ ਕੋਠੀ 'ਚ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਡੇਰਾ ਪੈਰੋਕਾਰ ਹੁਣ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਲੱਗ ਗਏ ਹਨ। ਡੇਰਾ ਪੈਰੋਕਾਰ ਪਹਿਲਾਂ ਦਰਬਾਰ ਸਾਹਿਬ ਆਉਂਦੇ ਹਨ ਤੇ ਬਾਅਦ ਵਿਚ ਡੇਰਾ ਬਿਆਸ। ਪੰਜਾਬ ਵਿਚ ਬਹੁਤ ਸਾਰੇ ਡੇਰੇ ਹਨ, ਜਿਹੜੇ ਸਾਡੇ ਧਰਮ ਵਿਚ ਦਖਲ ਅੰਦਾਜ਼ੀ ਨਹੀਂ ਕਰਦੇ ਸਾਡਾ ਉਨ੍ਹਾਂ ਨਾਲ ਕੋਈ ਰੌਲਾ ਨਹੀਂ ਹੈ।


Related News