ਕਾਰ ''ਚ ਬੈਠ ਕੇ ਖਾਣ-ਪੀਣ ਵਾਲਿਆਂ ਤੋਂ ਵੇਟਰ ਹੋ ਜਾਣ ਸਾਵਧਾਨ!

Monday, Jan 15, 2018 - 07:54 AM (IST)

ਜਲੰਧਰ, (ਸ਼ੋਰੀ)- ਅਕਸਰ ਢਾਬਿਆਂ, ਅਹਾਤਿਆਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੇ ਬਾਹਰ ਕਾਰ 'ਤੇ ਸਵਾਰ ਹੋ ਕੇ ਲੋਕ ਵੇਟਰ ਨੂੰ ਆਰਡਰ ਦੇ ਕੇ ਖਾਣ-ਪੀਣ ਦਾ ਸਾਮਾਨ ਮੰਗਵਾਉਂਦੇ ਹਨ ਪਰ ਕਦੇ-ਕਦਾਈਂ ਸ਼ਰਾਰਤੀ ਕਿਸਮ ਦੇ ਕਾਰ ਸਵਾਰ ਲੋਕ ਮੌਕੇ ਤੋਂ ਬਿਨਾਂ ਬਿੱਲ ਦਿੱਤੇ ਭੱਜ ਵੀ ਜਾਂਦੇ ਹਨ, ਜਿਸ ਕਾਰਨ ਵੇਟਰ ਦੇ ਖਾਤੇ 'ਚ ਮਾਲਕ ਪੈਸੇ ਪਾ ਦਿੰਦੇ ਹਨ।
ਅਜਿਹਾ ਹੀ ਮਾਮਲਾ ਪੁਰਾਣੀ ਸਬਜ਼ੀ ਮੰਡੀ ਰੋਡ ਸਥਿਤ ਮਲਹੋਤਰਾ ਚਿਕਨ ਕਾਰਨਰ ਦੇ ਬਾਹਰ ਦੇਖਣ ਨੂੰ ਮਿਲਿਆ। ਸਫੈਦ ਰੰਗ ਦੀ ਸਵਿਫਟ ਕਾਰ ਸਵਾਰ ਇਕ ਨੌਜਵਾਨ ਆਪਣੀ ਪਤਨੀ ਅਤੇ ਛੋਟੇ ਬੱਚੇ ਦੇ ਨਾਲ ਅਹਾਤੇ ਦੇ ਬਾਹਰ ਰੁਕਿਆ। ਉਸ ਨੇ ਕਾਰ ਦਾ ਹਾਰਨ ਵਜਾ ਕੇ ਵੇਟਰ ਨੂੰ ਬੁਲਾ ਕੇ ਦਲੀਲ ਦਿੱਤੀ ਕਿ ਉਸ ਨੇ ਸ਼ਰਾਬ ਦਾ ਸੇਵਨ ਕਰਨਾ ਹੈ ਅਤੇ ਉਸ ਦੇ ਨਾਲ ਫੈਮਿਲੀ ਹੋਣ ਕਾਰਨ ਉਹ ਕਾਰ 'ਚ ਹੀ ਬੈਠ ਕੇ ਖਾਏਗਾ। 
ਉਸ ਨੇ ਵੇਟਰ ਤੋਂ ਮੱਛੀ ਆਦਿ ਖਾਧੀ। ਬਿੱਲ 750 ਬਣਿਆ ਤਾਂ ਸ਼ਾਤਿਰ ਕਾਰ ਸਵਾਰ ਨੇ ਵੇਟਰ ਨੂੰ ਕਿਹਾ ਕਿ ਚਨਾ ਮਸਾਲਾ ਪੈਕ ਕਰ ਕੇ ਉਹ ਤੁਰੰਤ ਲਿਆਏ। ਜਿਵੇਂ ਹੀ ਵੇਟਰ ਅਹਾਤੇ 'ਚ ਆਰਡਰ ਦੇ ਕੇ ਬਿੱਲ ਲੈਣ ਆਇਆ ਤਾਂ ਸ਼ਾਤਿਰ ਕਾਰ ਸਵਾਰ ਨੇ ਤੇਜ਼ ਰਫਤਾਰ 'ਚ ਕਾਰ ਸਟਾਰਟ ਕੀਤੀ ਅਤੇ ਫਰਾਰ ਹੋ ਗਿਆ। 
ਇਸ ਮਾਮਲੇ 'ਚ ਵੇਟਰ ਥਾਣਾ 2 ਦੀ ਪੁਲਸ ਨੂੰ ਸ਼ਿਕਾਇਤ ਦੇਣ ਦੀ ਤਿਆਰੀ ਕਰ ਰਿਹਾ ਸੀ ਤਾਂ ਕਿ ਕਾਰ ਸਵਾਰ ਆ ਕੇ ਪੈਸੇ ਵਾਪਸ ਕਰੇ। ਮਹਾਨਗਰ ਦੇ ਵੇਟਰਾਂ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਣਜਾਣ ਵਿਅਕਤੀ ਤੋਂ ਪੈਸੇ ਐਡਵਾਂਸ 'ਚ ਲੈਣੇ ਚਾਹੀਦੇ ਹਨ।


Related News