ਈ. ਐੱਸ. ਆਈ. ਡਿਸਪੈਂਸਰੀ ਜਾ ਰਹੇ ਹੋ ਤਾਂ ਰਹੋ ਸਾਵਧਾਨ, ਡਿੱਗ ਸਕਦੀ ਹੈ ਇਮਾਰਤ!

Monday, Jun 25, 2018 - 07:17 AM (IST)

ਈ. ਐੱਸ. ਆਈ. ਡਿਸਪੈਂਸਰੀ ਜਾ ਰਹੇ ਹੋ ਤਾਂ ਰਹੋ ਸਾਵਧਾਨ, ਡਿੱਗ ਸਕਦੀ ਹੈ ਇਮਾਰਤ!

ਫਗਵਾੜਾ, (ਹਰਜੋਤ)- ਇਥੋਂ ਦੀ ਜੇ. ਸੀ. ਟੀ. ਮਿੱਲ ਦੇ ਸਾਹਮਣੇ ਕਿਸੇ ਸਮੇਂ ਬੜੇ ਚਾਵਾਂ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਈ. ਐੱਸ. ਆਈ. ਡਿਸਪੈਂਸਰੀ-1 ਦੀ ਇਮਾਰਤ ਖੁਦ ਹੀ ਬੀਮਾਰ ਹੋਈ ਪਈ ਹੈ ਅਤੇ ਆਪਣੇ ਇਲਾਜ ਨੂੰ ਤਰਸ ਰਹੀ ਹੈ ਪਰ ਇਸ ਦਾ ਇਲਾਜ ਕਰਨ ਨੂੰ ਅਜੇ ਕੋਈ ਤਿਆਰ ਨਹੀਂ ਹੈ। ਡਿਸਪੈਂਸਰੀ ਦੀ ਖਸਤਾ ਹਾਲਤ ਹੋਣ ਕਾਰਨ ਮਰੀਜ਼ਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਡਿਸਪੈਂਸਰੀ ਦੇ ਅੰਦਰ ਸਫਾਈ ਪ੍ਰਬੰਧਾਂ ਦਾ ਵੀ ਮਾੜਾ ਹਾਲ ਹੈ। ਨੇੜੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। 
ਹਨੇਰੀ ਕਾਰਨ ਡਿੱਗੇ ਦਰੱਖਤ ਨੂੰ ਚੁੱਕਣ ਲਈ ਨਹੀਂ ਕੋਈ ਤਿਆਰ 
ਬੀਤੇ ਦਿਨੀਂ ਤੇਜ਼ ਹਨੇਰੀ ਕਾਰਨ ਈ. ਐੱਸ. ਆਈ. ਹਸਪਤਾਲ ਦੀ ਪਾਰਕ 'ਚ ਕਾਫ਼ੀ ਵੱਡਾ ਦਰੱਖਤ ਡਿੱਗਿਆ ਪਿਆ ਹੈ, ਜਿਸ ਨੂੰ ਕੋਈ ਵੀ ਚੁੱਕਣ ਨੂੰ ਤਿਆਰ ਨਹੀਂ। ਹਸਪਤਾਲ ਵੱਲੋਂ ਇਸ ਦਰੱਖਤ ਨੂੰ ਚੁਕਵਾਉਣ ਲਈ ਜੰਗਲਾਤ ਵਿਭਾਗ ਨੂੰ ਵੀ ਚਿੱਠੀ ਲਿਖੀ ਗਈ ਸੀ ਪਰ ਕੋਈ ਵੀ ਇਸ ਨੂੰ ਚੁੱਕਣ ਨਹੀਂ ਆਇਆ।
ਰਾਤ ਦੇ ਸਮੇਂ ਹੋ ਜਾਂਦਾ ਹੈ ਬਲੈਕ ਆਊਟ
ਈ. ਐੱਸ. ਆਈ. ਹਸਪਤਾਲ ਤੋਂ ਕਾਲੋਨੀ ਨੂੰ ਜਾਂਦੀ ਸੜਕ 'ਤੇ ਰਾਤ ਨੂੰ ਕੋਈ ਵੀ ਲਾਈਟਾਂ ਦਾ ਪ੍ਰਬੰਧ ਨਹੀਂ ਹੈ, ਜਿਸ ਕਾਰਨ ਰਾਤ ਸਮੇਂ ਬਲੈਕ ਆਊਟ ਹੋ ਜਾਂਦਾ ਹੈ ਅਤੇ ਕਾਲੋਨੀ ਵਾਲਿਆਂ ਨੂੰ ਆਪਣੇ ਕੁਆਰਟਰਾਂ ਤੱਕ ਪਹੁੰਚਣ ਲਈ ਹਨੇਰੇ 'ਚੋਂ ਹੀ ਗੁਜ਼ਰਨਾ ਪੈਂਦਾ ਹੈ, ਜਿਥੇ ਲੁੱਟ-ਖੋਹ ਹੋਣ ਦਾ ਖਤਰਾ ਹੈ। 
ਇਮਾਰਤ 'ਚ ਦਰੱਖਤ ਉੱਗਣ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੀ ਵੱਡੀ ਘਟਨਾ
ਡਿਸਪੈਂਸਰੀ ਦੀ ਮੁੱਖ ਇਮਾਰਤ ਦੇ ਉਪਰ ਪਿੱਪਲ ਦਾ ਦਰੱਖਤ ਕਾਫ਼ੀ ਵੱਡਾ ਹੋਣ ਕਾਰਨ ਉਸ ਨਾਲ ਇਮਾਰਤ 'ਚ ਬੁਰੀ ਤਰ੍ਹਾਂ ਪਾੜ ਪੈ ਚੁੱਕਾ ਹੈ, ਜੋ ਕਿ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਇਸ ਦਰੱਖਤ ਨੂੰ ਪੱਧਰਾ ਕਰਵਾਉਣ ਦੀ ਥਾਂ 'ਤੇ ਪ੍ਰਬੰਧਕਾਂ ਨੇ ਇਸ ਦੇ ਹੇਠਾਂ ਇਕ ਨੋਟਿਸ ਬੋਰਡ ਲਾ ਦਿੱਤਾ ਹੈ, ਜਿਸ 'ਚ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ 'ਸਾਵਧਾਨ, ਇਹ ਦੀਵਾਰ ਡਿੱਗਣ ਵਾਲੀ ਹੈ, ਇਥੋਂ ਨਿਕਲਣਾ ਮਨ੍ਹਾ ਹੈ' ਪਰ ਡਿਸਪੈਂਸਰੀ ਦੀ ਕਾਲੋਨੀ ਨੂੰ ਮੁੱਖ ਰਸਤਾ ਹੋਣ ਕਾਰਨ ਲੋਕ ਇਸ ਖਤਰੇ ਵਾਲੀ ਥਾਂ ਤੋਂ ਹੀ ਲੰਘਦੇ ਹਨ। ਇਥੋਂ ਤੱਕ ਕਿ ਇਹ ਲੋਕਲ ਦਫ਼ਤਰ ਨੂੰ ਜਾਣ ਵਾਲਾ ਰਸਤਾ ਹੈ, ਜਿਥੋਂ ਕਿ ਮਰੀਜ਼ ਆਪਣੇ ਕਾਰਡ ਬਣਾਉਣ ਤੇ ਹੋਰ ਕੰਮਾਂ ਲਈ ਜਾਂਦੇ ਹਨ। ਇਹ ਨੋਟਿਸ ਬੋਰਡ 1 ਸਾਲ ਤੋਂ ਵੱਧ ਸਮੇਂ ਤੋਂ ਲੱਗਾ ਹੋਇਆ ਹੈ। ਇਹ ਬਿਲਡਿੰਗ ਕਿਸੇ ਵੀ ਸਮੇਂ ਭਾਰੀ ਜਾਨੀ-ਮਾਲੀ ਨੁਕਸਾਨ ਦੇ ਨਾਲ ਡਿੱਗ ਸਕਦੀ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਜਦਕਿ ਹੁਣ ਤਾਂ ਕੰਧ ਦੀਆਂ ਇੱਟਾਂ ਵੀ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਹਨ।PunjabKesari
ਫੰਡ ਨਾ ਹੋਣ ਕਰ ਕੇ ਅਸੀਂ ਆਪਣੇ ਪੱਧਰ 'ਤੇ ਕੁਝ ਨਹੀਂ ਕਰ ਸਕਦੇ : ਐੱਸ. ਐੱਮ. ਓ.
ਇਸ ਸਬੰਧੀ ਜਦੋਂ ਐੱਸ. ਐੱਮ. ਓ. ਡਾ. ਬਿੰਦੂ ਚੀਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਏ. ਐੱਸ. ਈ. ਇਮਾਰਤ 'ਤੇ ਉਘੇ ਦਰੱਖਤ ਸਬੰਧੀ ਡਾਇਰੈਕਟਰ ਸਿਹਤ ਵਿਭਾਗ ਪੀ. ਡਬਲਿਊ. ਡੀ. ਕਮਿਸ਼ਨਰ ਨਗਰ ਨਿਗਮ ਨੂੰ ਲਗਾਤਾਰ ਪੱਤਰ ਲਿਖੇ ਜਾ ਰਹੇ ਹਨ ਪਰ ਇਸ ਸਬੰਧੀ ਅਜੇ ਤਕ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੇ ਕੋਲ ਫੰਡ ਨਾ ਹੋਣ ਕਰ ਕੇ ਅਸੀਂ ਆਪਣੇ ਪੱਧਰ 'ਤੇ ਕੁਝ ਨਹੀਂ ਕਰ ਸਕਦੇ।  
ਪ੍ਰਸ਼ਾਸਨ ਗੂੜ੍ਹੀ ਨੀਂਦ 'ਚ ਸੁੱਤਾ : ਕਾਲੋਨੀ ਵਾਸੀ 
ਇਸ ਸਬੰਧੀ ਗੱਲਬਾਤ ਕਰਦਿਆ ਕਾਲੋਨੀ ਦੇ ਵਸਨੀਕ ਬਲਜਿੰਦਰ ਸਿੰਘ ਸੰਨੀ ਬਾਂਸਲ, ਨਿਤਿਸ਼ ਸ਼ਰਮਾ, ਅਕਾਸ਼ ਦੀਪ, ਜੈ ਪਾਲ, ਅਸ਼ੀਸ਼ ਅਤੇ ਬਲਟਰ ਮਸੀਹ ਨੇ ਦੱਸਿਆ ਕਿ ਡਿਸਪੈਂਸਰੀ ਦੇ ਮਾਮਲਿਆਂ ਸਬੰਧੀ ਵੀ ਉਹ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ 'ਚ ਇਹ ਮਾਮਲਾ ਲਿਆ ਚੁੱਕੇ ਹਨ ਪਰ ਕੋਈ ਵੀ ਇਸ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਈ. ਐੱਸ. ਆਈ. ਦੀ ਜ਼ਮੀਨ ਦੇ ਨਾਲ ਲੱਗਦੀ ਸਰਕਾਰੀ ਜ਼ਮੀਨ 'ਤੇ ਵੀ ਲੋਕਾਂ ਵੱਲੋਂ ਲਗਾਤਾਰ ਖੋਖੇ ਰੱਖ ਕੇ ਕਬਜ਼ੇ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਉਹ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਦੇ ਧਿਆਨ 'ਚ ਵੀ ਇਹ ਮਾਮਲਾ ਲਿਆ ਚੁੱਕੇ ਹਨ ਪਰ ਪ੍ਰਸ਼ਾਸਨ ਗੂੜ੍ਹੀ ਨੀਂਦ 'ਚ ਸੁੱਤਾ ਪਿਆ ਹੈ।ਉਨ੍ਹਾਂ ਦੱਸਿਆ ਕਿ ਉਹ ਡਿਸਪੈਂਸਰੀ ਦੇ ਦਰੱਖਤ ਸਬੰਧੀ ਵੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ ਪਰ ਇਸ ਦਾ ਹੱਲ ਨਹੀਂ ਹੋ ਰਿਹਾ, ਜਿਸ ਕਾਰਨ ਰੋਜ਼ਾਨਾ ਜਾਨ ਨੂੰ ਖਤਰੇ 'ਚ ਪਾ ਕੇ ਹੀ ਇਥੋਂ ਲੰਘਣਾ ਪੈਂਦਾ ਹੈ। ਕੁਆਰਟਰਾਂ ਨਜ਼ਦੀਕ ਬਣੇ ਕੂੜੇ ਦੇ ਡੰਪ ਕਾਰਨ ਕਾਫ਼ੀ ਸਮੱਸਿਆ ਪੇਸ਼ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਗਜ਼ਾਂ 'ਚ ਇਹ ਡੰਪ ਬੰਦ ਹੋ ਚੁੱਕਾ ਹੈ, ਜਦਕਿ ਲੋਕ ਅਤੇ ਫੈਕਟਰੀਆਂ ਵਾਲੇ ਇੱਥੇ ਕੂੜਾ ਸੁੱਟਣ ਤੋਂ ਬਾਜ਼ ਨਹੀਂ ਆ ਰਹੇ ਅਤੇ ਉਹ ਕਈ ਵਾਰ ਖੁਦ ਨਿਗਮ ਅਧਿਕਾਰੀਆਂ ਕੋਲੋਂ ਕੂੜਾ ਸੁੱਟਣ ਵਾਲਿਆਂ ਖਿਲਾਫ਼ ਚਲਾਨ ਵੀ ਕੱਟਵਾ ਚੁੱਕੇ ਹਨ ਪਰ ਸਥਿਤੀ ਜਿਉਂ ਦੀ ਤਿਉਂ ਹੀ ਬਰਕਰਾਰ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਈ. ਐੱਸ. ਆਈ. ਨਾਲ ਸਬੰਧਿਤ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।     
ਘਾਹ-ਬੂਟੀ ਉੱਗਣ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ
ਡਿਸਪੈਂਸਰੀ ਅਤੇ ਈ. ਐੱਸ. ਆਈ. ਦੀ ਕਾਲੋਨੀ ਦੇ ਆਲੇ-ਦੁਆਲੇ ਘਾਹ-ਬੂਟੀ ਉੱਗੀ ਹੋਈ ਹੈ, ਜਿਸ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ। ਇਸ ਘਾਹ ਬੂਟੀ 'ਚ ਕਈ ਤਰ੍ਹਾਂ ਦੇ ਜਾਨਵਰ ਪੈਂਦਾ ਹੋ ਜਾਂਦੇ ਹਨ ਅਤੇ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਥੋਂ ਤੱਕ ਕਿ ਕਾਲੋਨੀ ਨੂੰ ਜਾਣ ਵਾਲੀਆਂ ਸੜਕਾਂ ਦੇ ਆਲੇ-ਦੁਆਲੇ ਵੀ ਗੰਦਗੀ ਫ਼ੈਲੀ ਹੋਈ ਹੈ ਪਰ ਇਸ ਦੀ ਵੀ ਸਫ਼ਾਈ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ।


Related News