ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਮੇਤ 12 ਨੂੰ ਸੰਮਨ ਜਾਰੀ, ਜਾਣੋ ਮਾਮਲਾ

Sunday, Sep 01, 2019 - 06:44 PM (IST)

ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਮੇਤ 12 ਨੂੰ ਸੰਮਨ ਜਾਰੀ, ਜਾਣੋ ਮਾਮਲਾ

ਬਠਿੰਡਾ (ਪਰਮਿੰਦਰ) : ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜੋਨ ਦਫਤਰ ਅਤੇ ਨਾਜਾਇਜ਼ ਇਮਾਰਤ ਬਣਾਉਣ ਦੇ ਮਾਮਲੇ ਵਿਚ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਸਮੇਤ 12 ਨੂੰ ਸੰਮਨ ਜਾਰੀ ਹੋਇਆ ਹੈ। ਉਨ੍ਹਾਂ ਨੂੰ 6 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਜਗਜੀਤ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ।

ਮਾਣਯੋਗ ਜੱਜ ਨੇ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼, ਕਲੱਬ ਦੇ ਪ੍ਰਧਾਨ ਤੇ ਕਾਂਗਰਸ ਦੇ ਜਨਰਲ ਸਕੱਤਰ ਰਾਜਨ ਗਰਗ, ਜਨਰਲ ਸਕੱਤਰ ਸੁਨੀਲ ਸਿੰਗਲਾ, ਮੀਤ ਪ੍ਰਧਾਨ ਜੇ. ਐੱਸ. ਬਾਜਵਾ ਸਮੇਤ ਕੁਲ 12 ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਕੇ 6 ਸਤੰਬਰ ਨੂੰ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤੇ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਨਾਲ ਜੁਡ਼ੇ ਕੁਝ ਆਗੂਆਂ ਨੇ ਨਾਜਾਇਜ਼ ਤਰੀਕੇ ਨਾਲ ਕਲੱਬ ਦੀ ਚੋਣ ਕਰਵਾ ਕੇ ਉਸ ’ਤੇ ਕਬਜ਼ਾ ਕਰ ਲਿਆ। ਹੁਣ ਕਬਜ਼ਾਧਾਰੀ ਉਥੇ ਦੁਬਾਰਾ ਮਾਈਸਖਾਨਾ ਬਣਾ ਕੇ ਸ਼ਰਾਬ ਮਾਸ ਦਾ ਸੇਵਨ ਸ਼ੁਰੂ ਕਰਨਾ ਚਾਹੁੰਦੇ ਹਨ। ਵਰਤਮਾਨ ਸਮੇਂ ਵਿਚ ਕਲੱਬ ਵਿਚ ਇਹ ਸਭ ਕੁਝ ਬੰਦ ਹੈ ਪਰ ਸ਼ਹਿਰ ਦੇ ਕੁਝ ਅਮੀਰ ਲੋਕ ਇਸ ਨੂੰ ਆਪਣੇ ਮਨੋਰੰਜਨ ਦਾ ਅੱਡਾ ਬਣਾਉਣਾ ਚਾਹੁੰਦੇ ਹਨ। ਕਾਂਗਰਸ ਇਸ ਕਲੱਬ ਵਿਚ ਮਾਲਵਾ ਜ਼ੋਨ ਦਾ ਦਫਤਰ ਖੋਲ੍ਹਣਾ ਚਾਹੁੰਦੀ ਹੈ, ਜਿਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ।

ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਸਿਵਲ ਲਾਈਨ ਖੇਤਰ ਦੇ ਲੋਕਾਂ ਨੇ ਮਿਲ ਕੇ 1971 ਵਿਚ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਲਾਇਬ੍ਰੇਰੀ ਹਾਲ ਖੋਲ੍ਹਿਆ ਸੀ, ਜਿਸ ਵਿਚ ਧਾਰਮਿਕ ਕਿਤਾਬਾਂ ਰੱਖੀਆਂ ਗਈਆਂ ਸੀ ਅਤੇ ਉਥੇ ਇਨਡੋਰ ਤੇ ਆਊਟਡੋਰ ਸਪੋਰਟਸ ਗੇਮਾਂ ਵੀ ਸ਼ੁਰੂ ਕੀਤੀਆਂ ਗਈਆਂ ਸਨ ਪਰ ਹੌਲੀ-ਹੌਲੀ ਸ਼ਹਿਰ ਦੇ ਅਮੀਰ ਲੋਕਾਂ ਨੇ ਇਸ ਨੂੰ ਸਿਵਲ ਲਾਈਨ ਕਲੱਬ ਦਾ ਨਾਂ ਦੇ ਦਿੱਤਾ ਅਤੇ ਉਥੇ ਮਾਸ ਸ਼ਰਾਬ ਦੀ ਵਰਤੋਂ ਸ਼ੁਰੂ ਕਰ ਦਿੱਤੀ। ਕਲੱਬ ਵਿਚ ਗੈਰ-ਕਾਨੂੰਨੀ ਕੰਮ ਵੀ ਹੋਣ ਲੱਗੇ ਅਤੇ ਲੋਕਾਂ ਤੋਂ ਮੈਂਬਰਸ਼ਿਪ ਲਈ ਲੱਖਾਂ ਵਿਚ ਫੀਸ ਵੀ ਲੈਣੀ ਸ਼ੁਰੂ ਕਰ ਦਿੱਤੀ ਗਈ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਹੁਕਮਾਂ ’ਤੇ ਬਾਹਰ ਕੀਤਾ ਜਾ ਰਿਹਾ ਹੈ ਲਾਇਬ੍ਰੇਰੀ ਨੂੰ : ਕਲੱਬ ਪ੍ਰਧਾਨ
ਸਿਵਲ ਲਾਈਨ ਕਲੱਬ ਦੇ ਮੌਜੂਦਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਅਦਾਲਤ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਜੇਕਰ ਮਿਲਦਾ ਹੈ ਤਾਂ ਉਸ ਦਾ ਜਵਾਬ ਅਦਾਲਤ ਵਿਚ ਦੇਣਗੇ, ਜਿਸ ਸ਼ਿਵਦੇਵ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ, ਉਸ ਨੂੰ ਕਲੱਬ ਵਿਚ ਘੋਟਾਲਾ ਕਰਨ ’ਤੇ ਕੱਢਿਆ ਜਾ ਚੁੱਕਾ ਹੈ। ਦਫਤਰ ਬਣਾਉਣ ਦੀ ਗੱਲ ਅਫਵਾਹ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਹੁਕਮਾਂ ’ਤੇ ਲਾਈਬ੍ਰੇਰੀ ਨੂੰ ਕਲੱਬ ਤੋਂ ਬਾਹਰ ਕੀਤਾ ਜਾ ਰਿਹਾ ਹੈ। ਤਖਤ ਨੇ ਕਲੱਬ ਨੂੰ ਇਸ ਦੇ ਸਬੰਧ ਵਿਚ ਪੱਤਰ ਭੇਜਿਆ ਹੈ।


author

cherry

Content Editor

Related News