ਬਠਿੰਡਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਕਤਲ ਕਰ ਦਿੱਤੇ ਗਏ ਨੌਜਵਾਨ ਦੇ ਭੋਗ ਤੋਂ ਬਾਅਦ ਪਰਿਵਾਰਕ ਮੈਂਬਰ ਸੜਕਾਂ 'ਤੇ ਉਤਰੇ (p
Monday, Jun 19, 2017 - 12:30 PM (IST)
ਤਲਵੰਡੀ ਸਾਬੋ(ਮੁਨੀਸ਼)— ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੀ ਸੱਥ 'ਚ ਵੱਢ ਕੇ ਸੁੱਟਣ ਉਪਰੰਤ ਦਮ ਤੋੜ ਚੁੱਕੇ ਕਥਿਤ ਨਸ਼ਾ ਸਮੱਗਲਰ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਦੀ ਅੰਤਿਮ ਅਰਦਾਸ ਐਤਵਾਰ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ 'ਤੇ ਮੋਨੂੰ ਅਰੋੜਾ ਦੇ ਗ੍ਰਹਿ ਵਿਖੇ ਹੋਈ। ਅੰਤਿਮ ਅਰਦਾਸ ਉਪਰੰਤ ਕਤਲਕਾਂਡ ਦੇ ਅੱਠ ਦਿਨ ਲੰਘ ਜਾਣ ਦੇ ਬਾਵਜੂਦ ਪੁਲਸ ਵੱਲੋਂ ਕਥਿਤ ਦੋਸ਼ੀਆਂ 'ਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਾ ਕੀਤੇ ਜਾਣ ਦੇ ਵਿਰੋਧ 'ਚ ਮੋਨੂੰ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਬਠਿੰਡਾ-ਤਲਵੰਡੀ ਸਾਬੋ ਹਾਈਵੇਅ ਨੂੰ ਜਾਮ ਕਰਕੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਬੀਤੇ ਦਿਨ ਸਭ ਤੋਂ ਪਹਿਲਾਂ ਮੋਨੂੰ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਗਰੁੜ ਪੁਰਾਣ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਆਪਣੇ ਗ੍ਰਹਿ ਵਿਖੇ ਜ਼ਮਾਨਤ 'ਤੇ ਬਠਿੰਡਾ ਜੇਲ ਤੋਂ ਆਏ ਮ੍ਰਿਤਕ ਦੇ ਪਿਤਾ ਵਿਜੇ ਕੁਮਾਰ ਨੇ ਪੁਲਸ 'ਤੇ ਕਥਿਤ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਮੋਨੂੰ ਦੇ ਅੰਤਿਮ ਸੰਸਕਾਰ ਮੌਕੇ ਪੁਲਸ ਨੇ ਉਨ੍ਹਾਂ ਨੂੰ ਦੋਸ਼ੀਆਂ ਦੀ ਗ੍ਰਿਫਤਾਰ ਕਰਨ ਲਈ ਸੱਤ ਦਿਨ ਦਾ ਸਮਾਂ ਦਿੱਤਾ ਸੀ ਪਰ ਅੱਜ ਭੋਗ ਵੀ ਪੈ ਗਿਆ ਪਰ ਪੁਲਸ ਇਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਉਕਤ ਸਮੁੱਚੀ ਘਟਨਾ ਦਾ ਕਥਿਤ ਮੁੱਖ ਦੋਸ਼ੀ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਦਾ ਪੁੱਤਰ ਹੈ। ਵਿਜੇ ਕੁਮਾਰ ਨੇ ਪੱਤਰਕਾਰਾਂ ਨੂੰ ਅਮਰਿੰਦਰ ਸਿੰਘ ਰਾਜੂ 'ਤੇ ਬੀਤੇ ਸਮੇਂ 'ਚ ਤਲਵੰਡੀ ਸਾਬੋ ਥਾਣੇ 'ਚ ਦਰਜ ਪੰਜ ਅਪਰਾਧਕ ਮਾਮਲਿਆਂ ਦੀਆਂ ਕਾਪੀਆਂ ਵੀ ਦਿਖਾਈਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 19 ਜੂਨ ਸ਼ਾਮ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਸਮੁੱਚੇ ਪਰਿਵਾਰ ਸਣੇ ਡੀਜ਼ਲ ਪਾ ਕੇ ਆਤਮਦਾਹ ਕਰ ਲਵੇਗਾ, ਜਿਸ ਦੀ ਜ਼ਿੰਮੇਵਾਰੀ ਸਥਾਨਕ ਪੁਲਸ ਤੇ ਸਰਕਾਰ ਦੀ ਹੋਵੇਗੀ।
ਭਾਵੇਂ ਪੁਲਸ ਨੇ ਭੋਗ ਨੂੰ ਦੇਖਦਿਆਂ ਕਿਸੇ ਵਿਰੋਧ ਪ੍ਰਦਰਸ਼ਨ ਦੇ ਖਦਸ਼ੇ ਕਾਰਨ ਸ਼ਹਿਰ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਸਨ ਪਰ ਭੋਗ ਉਪਰੰਤ ਪੀੜਤ ਪਰਿਵਾਰ ਅਤੇ ਰਿਸ਼ਤੇਦਾਰ ਟਰੈਕਟ-ਟਰਾਲੀਆਂ ਰਾਹੀਂ ਸਥਾਨਕ ਦਸਮੇਸ਼ ਪਬਲਿਕ ਸਕੂਲ ਕੋਲ ਪੈਂਦੇ ਰਜਬਾਹੇ 'ਤੇ ਪੁੱਜ ਕੇ ਬਠਿੰਡਾ-ਤਲਵੰਡੀ ਸਾਬੋ ਹਾਈਵੇਅ 'ਤੇ ਜਾਮ ਲਗਾਉਣ 'ਚ ਸਫਲ ਰਹੇ। ਧਰਨੇ ਦੌਰਾਨ ਪਰਿਵਾਰ ਨੇ ਸਥਾਨਕ ਪੁਲਸ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ 'ਤੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਇਲਜ਼ਾਮ ਲਾਉਂਦਿਆਂ ਉੇਨ੍ਹਾਂ ਖਿਲਾਫ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਭਾਵੇਂ ਕਿ ਵਧੀਕ ਥਾਣਾ ਮੁਖੀ ਸੰਜੀਵ ਕੁਮਾਰ ਭਾਟੀ ਅਤੇ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਧਰਨੇ ਵਾਲੀ ਥਾਂ ਪੁੱਜ ਗਏ ਸਨ ਐੱਸ. ਪੀ. ਰੈਂਕ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਧਰਨਾਕਾਰੀਆਂ ਤੋਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ 10 ਦਿਨਾਂ ਦਾ ਸਮਾਂ ਮੰਗਿਆ ਪਰ ਧਰਨਾਕਾਰੀ ਪੁਲਸ ਨੂੰ ਹੋਰ ਸਮਾਂ ਦੇਣ ਦੇ ਮੂੜ 'ਚ ਨਹੀਂ ਸਨ।
