ਬਠਿੰਡਾ : ਲਾਪਤਾ ਵਿਦਿਆਰਥਣਾਂ ਬਰਾਮਦ, ਕੀਤੇ ਇਹ ਖੁਲਾਸੇ
Saturday, Nov 23, 2019 - 01:13 PM (IST)
ਬਠਿੰਡਾ (ਵਰਮਾ,ਅਮਿਤ) : ਸਥਾਨਕ ਸਰਕਾਰੀ ਗਲਰਜ਼ ਸਕੂਲ 'ਚ ਪੜ੍ਹਨ ਵਾਲੀਆਂ 7ਵੀਂ ਕਲਾਸ ਦੀ 3 ਵਿਦਿਆਰਥਣਾਂ ਜੋ ਬਾਲ ਦਿਵਸ ਮੌਕੇ ਰਹੱਸਮਈ ਢੰਗ ਨਾਲ ਲਾਪਤਾ ਹੋ ਗਈਆਂ ਸੀ, ਨੂੰ ਪੁਲਸ ਨੇ 8 ਦਿਨਾਂ ਬਾਅਦ ਦਿੱਲੀ ਤੋਂ ਬਰਾਮਦ ਕਰਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਸ਼ੁੱਕਰਵਾਰ ਦੇਰ ਸ਼ਾਮ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 12 ਤੋਂ 14 ਸਾਲ ਦੀਆਂ ਨਾਬਾਲਗ ਵਿਦਿਆਥਣਾਂ ਆਪਣੀ ਮਰਜ਼ੀ ਨਾਲ ਘਰੋਂ ਗਈਆਂ ਸਨ। ਲੜਕੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਮੋਬਾਇਲ ਦਾ ਇਸਤੇਮਾਲ ਕਰਨ ਤੋਂ ਰੋਕਿਆ ਜਾਂਦਾ ਸੀ, ਜਿਸ ਕਾਰਨ ਉਹ ਘਰ ਵਿਚ ਖੁਦ ਨੂੰ ਕੈਦ ਮਹਿਸੂਸ ਕਰ ਰਹੀਆਂ ਸਨ। ਇਸ ਕਾਰਨ ਉਹ ਪ੍ਰੇਸ਼ਾਨ ਹੋ ਕੇ ਆਜ਼ਾਦ ਜ਼ਿੰਦਗੀ ਜਿਊਣ ਲਈ ਘਰੋਂ ਆਪਣੀ ਮਰਜ਼ੀ ਨਾਲ ਗਈਆਂ ਸੀ। ਲੜਕੀਆਂ ਦਾ ਕਹਿਣਾ ਹੈ ਕਿ ਉਹ ਦਿੱਲੀ 'ਚ ਇਕ ਬੇਕਰੀ 'ਚ ਕੰਮ ਕਰਨਾ ਚਾਹੁੰਦੀਆਂ ਸੀ। ਦਿੱਲੀ ਪੁੱਜ ਦੇ ਉਹ ਇਕ ਰਾਤ ਹੋਟਲ 'ਚ ਵੀ ਠਹਿਰੀਆਂ ਸੀ। ਐੱਸ. ਐੱਸ. ਪੀ. ਨੇ ਕਿਹਾ ਕਿ ਹੋਟਲ 'ਚ ਨਾਬਾਲਿਗ ਲੜਕੀਆਂ ਨੂੰ ਠਹਿਰਾਉਣਾ ਗੈਰ-ਕਾਨੂੰਨੀ ਹੈ। ਹੋਟਲ 'ਤੇ ਵੀ ਕਾਰਵਾਈ ਸੰਭਵ ਹੈ ਇਸ ਲਈ ਦਿੱਲੀ ਪੁਲਸ ਨੂੰ ਲਿਖਿਆ ਜਾਵੇਗਾ।
ਐੱਸ. ਐੱਸ. ਪੀ. ਅਨੁਸਾਰ ਇਨ੍ਹਾਂ ਲੜਕੀਆਂ ਕੋਲ ਕੁੱਲ 1700-1800 ਰੁਪਏ ਸੀ ਦਿੱਲੀ ਤੋਂ ਉਹ ਬੰਗਲੌਰ ਪੁੱਜੀਆਂ ਤੇ ਉਥੋਂ ਵਾਪਸ ਦਿੱਲੀ ਆਈਆਂ, ਜਿਸ ਨੂੰ ਪੁਲਸ ਨੇ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 14 ਨਵੰਬਰ ਨੂੰ ਇਨ੍ਹਾਂ ਵਿਦਿਆਰਥਣਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਕੋਤਵਾਲੀ 'ਚ ਦਰਜ ਕੀਤਾ ਗਿਆ ਸੀ। ਵਿਦਿਆਰਥਣਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਸਾਰਿਆਂ ਨੂੰ ਚਾਈਲਡ ਮਾਨਸਿਕ ਰੋਗੀ ਡਾਕਟਰ ਕੋਲ ਕੌਂਸਲਿੰਗ ਕਰਵਾਈ ਜਾਵੇਗੀ, ਜਿਸ ਤੋਂ ਪਤਾ ਲਗਾਇਆ ਜਾਏਗਾ ਕਿ ਵਿਦਿਆਰਥਣਾਂ ਘਰੋਂ ਕਿਉਂ ਭੱਜੀਆਂ ਸੀ।
ਕੀ ਕਹਿੰਦੇ ਹਨ ਲੜਕੀ ਦੇ ਪਿਤਾ
ਲਾਪਤਾ ਲੜਕੀਆਂ 'ਚੋ ਇਕ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੁਲਸ ਦੇ ਸੰਪਰਕ 'ਚ ਸੀ। ਹੰਸ ਨਗਰ ਸਥਿਤ ਲੜਕੀ ਦੇ ਚਾਚਾ ਨੇ ਪਹਿਲਾਂ ਹੀ ਇਨ੍ਹਾਂ ਤਿੰਨ ਲੜਕੀਆਂ ਨੂੰ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਸੀ ਤੇ ਉਨ੍ਹਾਂ ਰੇਲਵੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਪੁਲਸ ਦੀਆਂ 2 ਟੀਮਾਂ ਲੜਕੀਆਂ ਨੂੰ ਬਰਾਮਦ ਕਰਨ 'ਚ ਲੱਗੀਆ ਹੋਈਆਂ ਸੀ। ਇਕ ਟੀਮ ਮੈਟਰੋ ਦੁਆਰਾ ਪਹਿਲਾਂ ਪੁੱਜ ਗਈ ਸੀ ਤੇ ਦੂਜੀ ਟੀਮ ਬਹਾਦੁਰਗੜ੍ਹ ਫਸ ਗਈ ਸੀ। ਉਦੋਂ ਲੜਕੀ ਦੇ ਚਾਚਾ ਨੇ ਫੋਨ 'ਤੇ ਦੱਸਿਆ ਕਿ ਲੜਕੀਆਂ ਬਰਾਮਦ ਕਰ ਲਈਆਂ ਹਨ ਤਾਂ ਬਠਿੰਡਾ ਪੁਲਸ ਨੇ ਉਨ੍ਹਾਂ ਨੂੰ ਰੇਲਵੇ ਪੁਲਸ ਨਾਲ ਸੰਪਰਕ ਕਰ ਕੇ ਬਰਾਮਦ ਕੀਤਾ। ਵੀਰਵਾਰ ਦੇਰ ਰਾਤ ਤੱਕ ਲੜਕੀਆਂ ਨੂੰ ਲੈ ਕੇ ਥਾਣਾ ਕੋਤਵਾਲੀ ਇੰਚਾਰਜ ਦਵਿੰਦਰ ਸਿੰਘ, ਏ. ਐੱਸ. ਆਈ. ਰਾਜਪਾਲ ਬਠਿੰਡਾ ਪੁੱਜੇ। ਉਨ੍ਹਾਂ ਨਾਲ ਲੜਕੀਆਂ ਦੇ ਪਰਿਵਾਰ ਵਾਲੇ ਵੀ ਸੀ। ਰਾਤ ਦਾ ਸਮਾਂ ਹੋਣ ਕਰ ਕੇ ਲੜਕੀਆਂ ਨੂੰ ਜਲਦ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਫਿਰ ਲੜਕੀਆਂ ਨੂੰ ਪੁੱਛਿਆ ਗਿਆ ਕਿ ਉਹ ਕਿਉਂ ਗਈਆਂ ਸੀ ਪਰ ਉਨ੍ਹਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਕਾਰਨ ਐੱਸ. ਐੱਸ. ਪੀ. ਹੁਣ ਇਨ੍ਹਾਂ ਲੜਕੀਆਂ ਨੂੰ ਚਾਈਲਡ ਸਾਈਕਾਲੋਜਿਸਟ ਕੋਲ ਕੌਂਸਲਿੰਗ ਲਈ ਭੇਜਣਾ ਚਾਹੁੰਦੇ ਹਨ।