ਬਠਿੰਡਾ : ਹੋਟਲ ਦੇ ਕਮਰੇ ''ਚ ਵਿਦਿਆਰਥਣ ਜ਼ਿੰਦਾ ਸੜੀ
Sunday, Aug 04, 2019 - 09:15 AM (IST)

ਬਠਿੰਡਾ (ਬਲਵਿੰਦਰ) : ਬਠਿੰਡਾ ਦੇ ਇਕ ਹੋਟਲ ਵਿਚ ਇਕ ਵਿਦਿਆਰਥਣ ਜ਼ਿੰਦਾ ਸੜ ਗਈ। ਲੜਕੀ ਦਾ ਕਤਲ ਹੋਇਆ ਜਾਂ ਉਸਨੇ ਆਤਮਹੱਤਿਆ ਕੀਤੀ, ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ 22 ਸਾਲਾ ਅਮਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਫਰੀਦਕੋਟ ਕੋਟਲੀ ਬੀ. ਸੀ. ਏ. ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਸਵੇਰੇ ਉਹ ਇਥੇ ਪੋਲੀਟੈਕਨੀਕਲ ਕਾਲਜ ਤੋਂ ਸਰਟੀਫਿਕੇਟ ਲੈਣ ਲਈ ਆਈ ਸੀ। ਬਾਅਦ ਦੁਪਹਿਰ 2.24 ਵਜੇ ਉਹ ਬੀਬੀ ਵਾਲਾ ਰੋਡ 'ਤੇ ਸਥਿਤ ਹੋਟਲ ਇੰਪੀਰੀਅਲ ਗੋਲਡ ਵਿਚ ਰੁਕ ਗਈ। ਉਸਨੇ ਕਮਰਾ ਨੰਬਰ-13 ਆਪਣੇ ਹੀ ਨਾਂ 'ਤੇ ਬੁੱਕ ਕਰਵਾਇਆ ਸੀ। ਉਸ ਤੋਂ ਬਾਅਦ ਉਹ ਬਾਹਰ ਨਹੀਂ ਨਿਕਲੀ। ਸਵੇਰੇ ਜਦੋਂ ਹੋਟਲ ਸਟਾਫ ਨੇ ਸਫਾਈ ਖਾਤਰ ਕਮਰੇ ਦੀ ਘੰਟੀ ਬਜਾਈ ਤਾਂ ਕੋਈ ਜਵਾਬ ਨਹੀਂ ਮਿਲਿਆ। ਕਾਫੀ ਸਮਾਂ ਜਦੋਂ ਦਰਵਾਜ਼ਾ ਨਾ ਖੁੱਲ੍ਹਾ ਤਾਂ ਹੋਟਲ ਪ੍ਰਬੰਧਕਾਂ ਨੇ ਥਾਣਾ ਕੈਂਟ ਅਤੇ ਲੜਕੀ ਦੇ ਮਾਪਿਆਂ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ਬਾਅਦ ਪੁਲਸ ਅਤੇ ਮਾਪੇ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਰਾਹਤ ਕਾਰਜਾਂ ਖਾਤਰ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਬਠਿੰਡਾ ਦੇ ਵਰਕਰਾਂ ਨੂੰ ਵੀ ਬੁਲਾਇਆ ਗਿਆ। ਅੰਤ ਦਰਵਾਜ਼ਾ ਤੋੜਿਆ ਗਿਆ। ਅੰਦਰ ਦਾ ਦ੍ਰਿਸ਼ ਬਹੁਤ ਭਿਆਨਕ ਸੀ ਕਿਉਂਕਿ ਕਮਰੇ 'ਚ ਅੱਗ ਲੱਗ ਕੇ ਬੁਝ ਚੁੱਕੀ ਸੀ ਤੇ ਲੜਕੀ ਦੀ ਸੜੀ ਹੋਈ ਲਾਸ਼ ਬੈੱਡ 'ਤੇ ਪਈ ਸੀ।
ਥਾਣਾ ਕੈਂਟ ਦੇ ਮੁਖੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਲਈ ਗਈ ਹੈ ਤੇ ਪੜਤਾਲ ਆਰੰਭ ਦਿੱਤੀ ਗਈ ਹੈ, ਜਦਕਿ ਲਾਸ਼ ਵੀ ਪੋਸਟਮਾਰਟਮ ਲਈ ਭੇਜੀ ਗਈ ਹੈ ਪਰ ਲੜਕੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਆਪਣਾ ਬਿਆਨ ਸੋਚ-ਸਮਝ ਕੇ ਦੇਣਗੇ। ਇਹ ਮਾਮਲਾ ਕਈ ਪੱਖਾਂ ਤੋਂ ਸ਼ੱਕੀ ਜਾਪ ਰਿਹਾ ਹੈ ਕਿਉਂਕਿ ਬਾਕੀ ਸਾਰੀਆਂ ਗੱਲਾਂ ਛੱਡ ਵੀ ਦਿੱਤੀਆਂ ਜਾਣ ਤਾਂ ਵੀ ਇਹ ਗੱਲ ਵੱਡਾ ਸਵਾਲ ਹੈ ਕਿ ਹੋਟਲ ਦੇ ਕਮਰੇ 'ਚ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਧੂੰਆਂ ਬਾਹਰ ਆਉਣਾ ਸੁਭਾਵਿਕ ਸੀ। ਜਦੋਂ ਧੂੰਆਂ ਹੋਟਲ ਦੇ ਕਮਰੇ 'ਚੋਂ ਬਾਹਰ ਨਿਕਲਿਆ ਹੋਵੇਗਾ ਤਾਂ ਕਿਸੇ ਨੂੰ ਵੀ ਨਜ਼ਰ ਕਿਉਂ ਨਹੀਂ ਆਇਆ ਤੇ ਨਾ ਹੀ ਅੱਗ ਦੇ ਸੇਕ ਬਾਰੇ ਕਿਸੇ ਨੂੰ ਪਤਾ ਲੱਗਾ, ਜਦੋਂ ਕਿ ਆਸ-ਪਾਸ ਦੇ ਕਮਰਿਆਂ ਵਿਚ ਵੀ ਹੋਰ ਲੋਕ ਰੁਕੇ ਹੋਏ ਸਨ। ਹੋਟਲ ਸਟਾਫ ਨੂੰ ਵੀ ਸਵੇਰੇ ਵੀ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ ਸਫਾਈ ਜਾਂ ਚਾਹ ਪੁੱਛਣ ਲਈ ਕਮਰੇ ਦੀ ਘੰਟੀ ਵਜਾਈ।