ਬਠਿੰਡਾ ''ਚ ਭਾਰੀ ਗੜੇਮਾਰੀ, ਸੜਕਾਂ ''ਤੇ ਵਿਛੀ ਚਿੱਟੀ ਚਾਦਰ
Saturday, Mar 14, 2020 - 06:24 PM (IST)
ਬਠਿੰਡਾ (ਪਰਮਿੰਦਰ) : ਬਠਿੰਡਾ ਅਤੇ ਆਸਪਾਸ ਦੇ ਖੇਤਰ 'ਚ ਸ਼ਨੀਵਾਰ ਦੁਪਹਿਰ ਨੂੰ ਹੋਈ ਭਾਰੀ ਗੜੇਮਾਰੀ ਅਤੇ ਬਾਰਿਸ਼ ਨੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮਹਾਂਨਗਰ 'ਚ ਵੀ ਭਾਰੀ ਗੜੇਮਾਰੀ ਵੇਖਣ ਨੂੰ ਮਿਲੀ ਜਿਸ ਕਾਰਨ ਸਾਰੀਆਂ ਸੜਕਾਂ ਗੜਿਆਂ ਨਾਲ ਭਰ ਗਈਆਂ। ਬਾਰਿਸ਼ ਕਾਰਨ ਤਾਪਮਾਨ 'ਚ ਵੀ ਗਿਰਾਵਟ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਹਾਲੇ ਇਲਾਕੇ ਵਿਚ ਹੋਰ ਵੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਅਤੇ ਗੜੇਮਾਰੀ ਨੇ ਪੱਕਣ 'ਤੇ ਆਈ ਕਣਕ ਤੇ ਸਰੋਂ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਫ਼ਸਲਾਂ ਦੀ ਹੋਈ ਭਾਰੀ ਤਬਾਹੀ ਨਾਲ ਕਿਸਾਨ ਡਾਹਢਾ ਚਿੰਤਤ ਵਿਖਾਈ ਦੇ ਰਿਹਾ ਹੈ ਅਤੇ ਹਜ਼ਾਰਾਂ ਹੀ ਏਕੜ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਭਾਰੀ ਗੜ੍ਹੇਮਾਰੀ ਕਾਰਨ ਜ਼ਮੀਨ 'ਤੇ ਵਿੱਛ ਜਾਣ ਕਾਰਨ ਕਾਫੀ ਨੁਕਸਾਨੀ ਗਈ ਹੈ।
ਅਕਾਲੀ ਦਲ ਨੇ ਮੰਗੀ ਵਿਸ਼ੇਸ਼ ਗਿਰਦਾਵਰੀ
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਮੀਂਹ ਅਤੇ ਗੜੇਮਾਰੀ ਨਾਲ ਹਾੜ੍ਹੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਉਹ ਤੁਰੰਤ ਗਿਰਦਾਵਰੀ ਦਾ ਹੁਕਮ ਦੇਣ। ਸੁਖਬੀਰ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਰੋਪੜ, ਸੰਗਰੂਰ, ਮਾਨਸਾ ਅਤੇ ਫਿਰੋਜ਼ਪੁਰ ਜ਼ਿਲਿਆਂ 'ਚ ਮੀਂਹ ਅਤੇ ਗੜੇਮਾਰੀ ਕਰਕੇ ਕਣਕ, ਸਰ੍ਹੋਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਬਾਕੀ ਜ਼ਿਲਿਆਂ 'ਚ ਵੀ ਫਸਲਾਂ ਦੇ ਨੁਕਸਾਨ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਗਿਰਦਾਵਰੀ ਤੋਂ ਇਲਾਵਾ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦਾ ਹੁਕਮ ਦੇਣ ਕੈਪਟਨ : ਸੁਖਬੀਰ