ਬਟਾਲਾ ਫੈਕਟਰੀ ਧਮਾਕਾ ਮਾਮਲੇ ''ਚ 4 ਥਾਣਾ ਮੁਖੀਆਂ ਤੇ 2 ਜਾਂਚ ਅਫਸਰਾਂ ''ਤੇ ਡਿੱਗ ਸਕਦੀ ਹੈ ਗਾਜ!

12/16/2019 9:17:16 PM

ਬਟਾਲਾ,(ਮਠਾਰੂ): ਬਟਾਲਾ ਵਿਖੇ ਹੰਸਲੀ ਨਾਲੇ ਨਜ਼ਦੀਕ ਗੁਰੂ ਰਾਮਦਾਸ ਕਾਲੋਨੀ 'ਚ ਬੀਤੀ 4 ਸਤੰਬਰ ਨੂੰ ਇਕ ਆਤਿਸ਼ਬਾਜ਼ੀ ਬਣਾਉਣ ਵਾਲੀ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ ਦੌਰਾਨ 25 ਦੇ ਕਰੀਬ ਲੋਕਾਂ ਦੀ ਮੌਤ ਅਤੇ ਵੱਡੀ ਗਿਣਤੀ 'ਚ ਲੋਕ ਹਾਦਸੇ 'ਚ ਜ਼ਖਮੀ ਵੀ ਹੋ ਗਏ ਸਨ। ਇਸ ਧਮਾਕੇ ਦੇ ਅਸਲੀ ਕਾਰਣਾਂ ਅਤੇ ਡੂੰਘਾਈ ਨਾਲ ਸਾਰੀ ਜਾਂਚ ਕਰਨ ਲਈ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ 7 ਸਤੰਬਰ ਨੂੰ ਇਕ ਪੁਲਸ ਜਾਂਚ ਟੀਮ ਦਾ ਗਠਨ ਕਰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਸੂਬਾ ਸਿੰਘ, ਡੀ. ਐੱਸ. ਪੀ. ਡੀ. ਲਖਵਿੰਦਰ ਸਿੰਘ, ਡੀ. ਐੱਸ. ਪੀ. ਸਿਟੀ ਬਾਲ ਕ੍ਰਿਸ਼ਨ ਮਿੱਤਲ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਦੇ ਚਲਦਿਆਂ ਪੁਲਸ ਦੀ ਇਸ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਰੇ ਹੀ ਤੱਥਾਂ ਅਤੇ ਪਹਿਲੂਆਂ 'ਤੇ ਡੂੰਘਾਈ ਨਾਲ ਜਾਂਚ ਪੜਤਾਲ ਕਰਦਿਆਂ ਆਪਣੀ ਮੁਕੰਮਲ ਜਾਂਚ ਰਿਪੋਰਟ ਤਿਆਰ ਕਰ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਇਸ ਪਟਾਕਾ ਫੈਕਟਰੀ ਧਮਾਕੇ ਦੀ ਜਾਂਚ ਰਿਪੋਰਟ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਹੱਥਾਂ 'ਚ ਪਹੁੰਚ ਚੁੱਕੀ ਹੈ ਅਤੇ ਅੱਜ ਹੀ ਇਸ ਜਾਂਚ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਪਾਏ 2 ਤਫਤੀਸ਼ੀ ਅਫਸਰਾਂ ਅਤੇ 4 ਤਤਕਾਲੀ ਥਾਣਾ ਮੁਖੀਆਂ 'ਤੇ ਗਾਜ ਡਿੱਗ ਸਕਦੀ ਹੈ। ਸੂਤਰਾਂ ਅਨੁਸਾਰ ਜਾਂਚ 'ਚ ਮੁਲਜ਼ਮ ਪਾਏ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਜਿੱਥੇ ਇਨ੍ਹਾਂ ਦੀ ਡਿਪਾਰਟਮੈਂਟਲ ਜਾਂਚ ਹੋਵੇਗੀ, ਉੱਥੇ ਨਾਲ ਹੀ ਸਖ਼ਤ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਬਟਾਲਾ ਪਟਾਕਾ ਫੈਕਟਰੀ ਧਮਾਕੇ ਤੋਂ ਬਾਅਦ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਧਮਾਕੇ ਦੀ ਜਾਂਚ ਕਰਨ ਲਈ ਵੱਖੋ-ਵੱਖਰੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਸਿਵਲ ਪ੍ਰਸ਼ਾਸਨ ਵੱਲੋਂ ਜਾਂਚ-ਮੁਕੰਮਲ ਕਰਨ ਤੋਂ ਬਾਅਦ ਕੁਝ ਜ਼ਿੰਮੇਵਾਰੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ ਪੁਲਸ ਵੱਲੋਂ ਕੀਤੀ ਜਾਂਚ ਦੀ ਕਾਰਵਾਈ ਤਹਿਤ ਮੰਗਲਵਾਰ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਹੋਵੇਗੀ।


Related News