ਕਰਫਿਊ ਦੌਰਾਨ ਅੱਜ ਦਿੱਤੀ ਜਾਣ ਵਾਲੀ ਰਾਹਤ ਕੀ ਜ਼ਿਲੇ ’ਚ ‘ਕੋਰੋਨਾ’ ਨੂੰ ਦੇਵੇਗੀ ਦਸਤਕ ਜਾਂ ਫਿਰ...?

04/20/2020 9:22:11 AM

ਬਟਾਲਾ (ਬੇਰੀ) -‘ਕੋਰੋਨਾ’ ਕਰ ਕੇ ਜਿਥੇ ਸਮੁੱਚਾ ਵਿਸ਼ਵ ਤ੍ਰਾਹ-ਤ੍ਰਾਹ ਕਰ ਉੱਠਿਆ ਹੈ, ਉਥੇ ਦੂਜੇ ਪਾਸੇ ਦੇਸ਼ ਵਾਸੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵਲੋਂ ਲਾਕਡਾਊਨ ਲਗਾਇਆ ਗਿਆ ਹੈ। ਲਾਏ ਲਾਕਡਾਊਨ/ਕਰਫਿਊ ਦੇ ਕਰੀਬ 26 ਦਿਨ ਬੀਤਣ ਦੇ ਬਾਅਦ 20 ਅਪ੍ਰੈਲ ਨੂੰ 27ਵੇਂ ਦਿਨ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਉਸਦੇ ਮੱਦੇਨਜ਼ਰ ਲੋਕ ਚਾਹੇ ਅੰਦਰੋ ਖੁਸ਼ੀ ਨਾਲ ਫੁੱਲੇ ਨਹੀਂ ਸਮਾਂ ਰਹੇ ਹੋਣਗੇ ਪਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਕਟਰੀਜ਼, ਏ. ਸੀ., ਕੂਲਰ, ਪੱਖੇ ਤੇ ਸਟੇਸ਼ਨਰੀ ਆਦਿ ਦੀਆਂ ਦੁਕਾਨਾਂ, ਹਾਈਵੇ ’ਤੇ ਢਾਬੇ, ਸਟੋਨ ਕਰੈਸ਼ਰ, ਰੇਤ ਸੀਮੈਂਟ ਤੇ ਸਟੀਲ ਦੀ ਵਿਕਰੀ ਦੀ ਇਜਾਜ਼ਤ ਅਤੇ ਨਾਲ ਨਿਰਮਾਣ ਸਮੱਗਰੀ ਦੀ ਢੋਆ-ਢੁਆਈ ਲਈ ਟਰਾਂਸਪੋਰਟ ਨੂੰ ਛੂਟ ਦੇ ਕੇ ਲੋਕਾਂ ਨੂੰ ਜੋ ਰਾਹਤ ਦੇਣ ਜਾ ਰਹੇ ਹਨ।

ਕਿਤੇ ਇਹ ਰਾਹਤ ਲੋਕਾਂ ਲਈ ਗਲੇ ਦੀ ਹੱਡੀ ਨਾ ਬਣ ਕੇ ਰਹਿ ਨਾ ਜਾਵੇ, ਕਿਉਂਕਿ ਕਰਫਿਊ ਦੌਰਾਨ ਜਿਥੇ ਪਹਿਲਾਂ ਲੋਕ ਬਿਨਾਂ ਵਜ੍ਹਾ ਘੁੰਮ-ਫਿਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਦਿਖਾਈ ਦੇ ਰਹੇ ਹਨ, ਉਥੇ ਅੱਜ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਲੋਕ ਇਸ ਰਾਹਤ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਗੇ ਜਾਂ ਫਿਰ ਕੋਰੋਨਾ ਮਹਾਮਾਰੀ ਜ਼ਿਲੇ ’ਚ ਦਸਤਕ ਦੇਵੇਗੀ। ਜੇਕਰ ਕੋਰੋਨਾ ਵਾਇਰਸ ਫੈਲਦਾ ਹੈ ਤਾਂ ਕੀ ਪ੍ਰਸ਼ਾਸਨ ਉਸਨੂੰ ਝੱਲ ਪਾਏਗਾ, ਕਿਉਂਕਿ ਇਸ ਮਹਾਮਾਰੀ ਨੂੰ ਲੈ ਕੇ ਪਹਿਲਾਂ ਹੀ ਲੋਕ ਕਾਫੀ ਦਹਿਸ਼ਤ ਵਿਚ ਹਨ। ਬਾਕੀ ਰਹੀ ਗੱਲ, ਅੱਜ ਦੀ ਰਾਹਤ ਦੀ, ਇਹ ਸਭ ਸਮੇਂ ’ਤੇ ਛੱਡਣਾ ਹੋਵੇਗਾ, ਕਿਉਂਕਿ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।

ਪੁਲਸ ਦੀ ਭੂਮਿਕਾ ਨੈਗੇਟਿਵ ਹੋਵੇਗੀ ਜਾਂ ਪਾਜ਼ੇਟਿਵ
ਪੁਲਸ ਜ਼ਿਲਾ ਬਟਾਲਾ ਦੇ ਸਮੂਹ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਲਾਕਡਾਊਨ ਦੌਰਾਨ ਚਾਹੇ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਲੋਕਾਂ ਦੇ ਪ੍ਰਤੀ ਸਖ਼ਤੀ ਵੀ ਵਰਤੀ ਜਾ ਰਹੀ ਹੈ ਪਰ ਅੱਜ 20 ਅਪ੍ਰੈਲ ਦੀ ਰਾਹਤ ਵਿਚ ਪੁਲਸ ਵਿਭਾਗ ਦੀ ਭੂਮਿਕਾ ਜਨਤਾ ਦੇ ਪ੍ਰਤੀ ਨੈਗੇਟਿਵ ਹੋਵੇਗੀ ਜਾਂ ਫਿਰ ਪਾਜ਼ੇਟਿਵ, ਇਹ ਵੀ ਇਕ ਸਵਾਲ ਬਣਿਆ ਹੋਇਆ ਹੈ ਕਿਉਂਕਿ ਅੱਜ ਦਾ ਦਿਨ ਹੀ ਦੱਸੇਗਾ ਕਿ ਜਨਤਾ ਪੁਲਸ ਨੂੰ ਸਹਿਯੋਗ ਕਰਦੇ ਹੋਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੀ ਹੈ ਜਾਂ ਫਿਰ ਪੁਲਸ ਜਨਤਾ ਦੇ ਪ੍ਰਤੀ ਸਖ਼ਤ ਰੁਖ ਅਪਣਾਉਂਦੇ ਹੋਏ ਵਧਣ ਵਾਲੀ ਭੀੜ ਨੂੰ ਕਾਬੂ ਕਰਨ ਵਿਚ ਆਪਣਾ ਪੂਰਾ ਦਮ-ਖਮ ਲਾਉਂਦੀ ਹੈ ਜਾਂ ਫਿਰ ਨਿਯਮਾਂ ਦੀਆਂ ਲੋਕਾਂ ਵਲੋਂ ਧੱਜੀਆਂ ਉਡਾਈਆਂ ਜਾਂਦੀਆਂ ਹਨ।

ਅਫਵਾਹਾਂ ਦਾ ਬਾਜ਼ਾਰ ਵੀ ਗਰਮ
ਜਿਥੇ ਇਕ ਪਾਸੇ ਸਰਕਾਰ ਲੋਕਾਂ ਨੂੰ ਸਾਵਧਾਨ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਮੈਸੇਜ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਭੇਜ ਰਹੀ ਹੈ, ਉਥੇ ਨਾਲ ਹੀ ਅਫਵਾਹਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮ ਹੈ, ਇਸ ਲਈ ‘ਜਗ ਬਾਣੀ’ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਫਵਾਹਾਂ ਤੋਂ ਬਚਦੇ ਹੋਏ ਪ੍ਰਸ਼ਾਸਨ ਨੂੰ ਸਹਿਯੋਗ ਕਰਨ।


rajwinder kaur

Content Editor

Related News