ਮੀਂਹ ਨਾਲ ਗਰੀਬ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

Friday, Aug 16, 2019 - 11:05 AM (IST)

ਮੀਂਹ ਨਾਲ ਗਰੀਬ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

ਬਟਾਲਾ/ਅੱਚਲ ਸਾਹਿਬ (ਬੇਰੀ, ਯੋਗੀ, ਅਸ਼ਵਨੀ) : ਭਾਵੇਂ ਸਾਉਣ ਦੇ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ ਪਰ ਨਜ਼ਦੀਕੀ ਪਿੰਡ ਅੰਮੋਨੰਗਲ ਦੇ ਰਹਿਣ ਵਾਲੇ ਗਰੀਬ ਨਿਰੰਜਨ ਸਿੰਘ ਦੇ ਪਰਿਵਾਰ ਤੋਂ ਇਸ ਭਰਵੇਂ ਮੀਂਹ ਨੇ ਸਿਰ ਤੋਂ ਛੱਤ ਖੋਹ ਲਈ ਹੈ।

ਨਿਰੰਜਣ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਿਹਾ ਹਾਂ। ਬੀਤੇ ਕੱਲ ਰਾਤ ਦੇ ਸਮੇਂ ਅਸੀਂ ਸਾਰਾ ਪਰਿਵਾਰ ਇਕ ਕਮਰੇ 'ਚ ਸੁੱਤੇ ਹੋਏ ਸੀ ਕਿ ਥੋੜ੍ਹਾ ਜਿਹਾ ਖੜਕਾ ਹੋਣ 'ਤੇ ਮੈਂ ਪਰਿਵਾਰ ਨੂੰ ਵਿਹੜੇ 'ਚ ਲੈ ਆਇਆ ਅਤੇ ਅਜੇ ਬਾਹਰ ਆਉਣ ਦੀ ਦੇਰ ਹੀ ਸੀ ਕਿ ਸਾਡੇ ਕਮਰੇ ਦੀ ਛੱਤ ਧੜੰਮ ਕਰਦੀ ਥੱਲੇ ਜਾ ਪਈ, ਜਿਸ ਨਾਲ ਮੇਰੇ ਘਰੇਲੂ ਸਾਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮੇਰਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਮੇਰੀ ਸਰਕਾਰ, ਸਮੂਹ ਜਥੇਬੰਦੀਆਂ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਤੋਂ ਮੰਗ ਹੈ ਕਿ ਮੇਰਾ ਮਕਾਨ ਬਣਾਉਣ ਵਿਚ ਸਹਿਯੋਗ ਕੀਤਾ ਜਾਵੇ।


author

Baljeet Kaur

Content Editor

Related News