ਵਾਲੀਬਾਲ ਮੈਚ ਹਾਰਨ ਤੋਂ ਬਾਅਦ ਪਿਓ-ਪੁੱਤ ’ਤੇ ਵਰ੍ਹਾਈਆਂ ਇੱਟਾਂ
Wednesday, Aug 28, 2019 - 04:00 PM (IST)

ਬਟਾਲਾ (ਬੇਰੀ) : ਗੋਲੀ ਚਲਾਉਣ ਅਤੇ ਇੱਟਾਂ ਮਾਰ ਕੇ ਜ਼ਖਮੀ ਕਰਨ ਵਾਲੇ 5 ਨੌਜਵਾਨਾਂ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ’ਚ ਮਨਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਲਾ ਅਫਗਾਨਾ ਨੇ ਦੱਸਿਆ ਕਿ ਉਹ ਬੀਤੀ 26 ਅਗਸਤ ਨੂੰ ਸ਼ਾਮ 6 ਵਜੇ ਦੇ ਕਰੀਬ ਆਪਣੇ ਪਿੰਡ ਦੇ ਨੌਜਵਾਨਾਂ ਨਾਲ ਦੋ ਟੀਮਾਂ ਬਣਾ ਕੇ 15-15 ਬੈਠਕਾਂ ਦੀ ਸ਼ਰਤ ਲਾ ਕੇ ਵਾਲੀਬਾਲ ਮੈਚ ਖੇਡ ਰਹੇ ਸਨ, ਜੋ ਪਹਿਲਾ ਮੈਚ ਸਾਡੀ ਟੀਮ ਵਲੋਂ ਹਾਰਨ ’ਤੇ ਅਸੀਂ 15-15 ਬੈਠਕਾਂ ਮਾਰੀਆਂ ਜਦਕਿ ਦੂਜੀ ਟੀਮ ਮੈਚ ਹਾਰ ਗਈ ਤਾਂ ਸਬੰਧਤ ਨੌਜਵਾਨ ਬੈਠਕਾਂ ਕੱਢਣ ਦੀ ਬਜਾਏ ਗਰਾਊਂਡ ’ਚ ਪਏ ਇੱਟ-ਪੱਥਰ ਮੈਨੂੰ ਅਤੇ ਮੇਰੇ ਭਰਾ ਨੂੰ ਮਾਰਨ ਲੱਗ ਪਏ ਅਤੇ ਇੰਨੀ ਦੇਰ ’ਚ ਮੇਰੇ ਪਿਤਾ ਸੁਰਜੀਤ ਸਿੰਘ ਵੀ ਉਥੇ ਆ ਗਏ। ਸਬੰਧਤ ਨੌਜਵਾਨਾਂ ਸਾਨੂੰ ਇੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਬਾਅਦ ’ਚ ਇਕ ਨੌਜਵਾਨ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਯਤ ਨਾਲ ਮੇਰੇ ’ਤੇ ਸਿੱਧਾ ਫਾਇਰ ਕਰ ਦਿੱਤਾ, ਜੋ ਮੇਰੀ ਸੱਜੀ ਵੱਖੀ ’ਚ ਵੱਜਾ, ਜਿਸਦੇ ਬਾਅਦ ਗੋਲੀ ਚਲਾਉਣ ਵਾਲੇ ਸਬੰਧਤ ਨੌਜਵਾਨ ਕੋਲੋਂ ਦੂਸਰੇ ਨੌਜਵਾਨ ਨੇ ਪਿਸਤੌਲ ਖੋਹ ਲਿਆ ਅਤੇ ਹਵਾਈ ਫਾਇਰ ਕੀਤੇ ਅਤੇ ਬਾਅਦ ’ਚ ਸਬੰਧਤ 2 ਨੌਜਵਾਨ ਅਤੇ ਉਨ੍ਹਾਂ ਦੇ 3 ਹੋਰ ਸਾਥੀ ਸਾਨੂੰ ਗਾਲੀ-ਗਲੋਚ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਉਕਤ ਮਾਮਲੇ ਸਬੰਧੀ ਚੌਕੀ ਇੰਚਾਰਜ ਕਾਲਾ ਅਫਗਾਨਾ ਏ. ਐੱਸ. ਆਈ. ਗੁਰਮਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਸਬੰਧਤ ਦੋ ਪਛਾਤੇ ਅਤੇ ਤਿੰਨ ਅਣਪਛਾਤੇ ਨੌਜਵਾਨਾਂ ਵਿਰੁੱਧ ਬਣਦੀਆਂ ਧਾਰਾਵਾਂ ਅਤੇ ਆਰਮ ਐਕਟ ਤਹਿਤ ਥਾਣਾ ਫਤਿਹਗਡ਼੍ਹ ਚੂਡ਼ੀਆਂ ਵਿਖੇ ਕੇਸ ਦਰਜ ਕਰ ਦਿੱਤਾ ਹੈ।