ਬਟਾਲਾ : ਖੜ੍ਹੇ ਟਰਾਲੇ ''ਚ ਵੱਜੀ ਬੱਸ, 10 ਜ਼ਖਮੀ

Thursday, Jan 23, 2020 - 10:41 AM (IST)

ਬਟਾਲਾ : ਖੜ੍ਹੇ ਟਰਾਲੇ ''ਚ ਵੱਜੀ ਬੱਸ, 10 ਜ਼ਖਮੀ

ਬਟਾਲਾ (ਬੇਰੀ, ਗੁਰਪ੍ਰੀਤ) : ਦੇਰ ਰਾਤ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਖੜ੍ਹੇ ਟਰਾਲੇ 'ਚ ਬੱਸ ਦੇ ਟਕਰਾਉਣ ਨਾਲ ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ 'ਚੋਂ 2 ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਜਲੰਧਰ ਤੋਂ ਬਟਾਲਾ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਨੰ. ਪੀ. ਬੀ. 10 ਈ. ਐੱਸ. 4305 ਜਦੋਂ ਅੱਡਾ ਅੰਮੋਨੰਗਲ ਕੋਲ ਪਹੁੰਚੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੇ ਬੱਸ ਅੱਗੇ ਆ ਜਾਣ ਕਾਰਣ ਉਸਨੂੰ ਬਚਾਉਂਦੇ ਹੋਏ ਬੱਸ ਉੱਥੇ ਖੜ੍ਹੇ ਸੀਮੈਂਟ ਨਾਲ ਲੱਦੇ ਟਰਾਲੇ ਨੰ. ਪੀ. ਬੀ. 02 ਡੀ. ਟੀ. 6723 ਨਾਲ ਜਾ ਟਕਰਾਈ, ਜਿਸਦੇ ਸਿੱਟੇ ਵਜੋਂ ਡਰਾਈਵਰ ਅਤੇ ਕੰਡਕਟਰ ਸਮੇਤ 10 ਮੁਸਾਫਰ ਗੰਭੀਰ ਜ਼ਖਮੀ ਹੋ ਗਏ ਜਦਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ। ਜ਼ਖਮੀਆਂ ਦੀ ਪਛਾਣ ਸਰਬਜੀਤ ਸਿੰਘ, ਦਲਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੁਰੀਆਂ ਖੁਰਦ, ਬਿਕਰਮਜੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਬਸਰਾਵਾਂ, ਬੱਸ ਡਰਾਈਵਰ ਗੁਰਸੇਵਕ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੋਹਾੜਕਾ, ਸੋਹਣ ਲਾਲ ਪੁੱਤਰ ਸੇਵਾ ਰਾਮ ਵਾਸੀ ਠਠਿਆਰੀ ਗੇਟ ਬਟਾਲਾ, ਜਤਿੰਦਰ ਕੁਮਾਰ ਪੁੱਤਰ ਹਰਮਨ ਵਾਸੀ ਆਨੰਦ ਵਿਹਾਰ ਕਾਲੋਨੀ ਬਟਾਲਾ, ਦਲਜੀਤ ਸਿੰਘ ਪੁੱਤਰ ਕੁਲਜੀਤ ਸਿੰਘ ਕਰਵਾਲੀ, ਦਲਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਵਜੋਂ ਹੋਈ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।


author

Baljeet Kaur

Content Editor

Related News