ਇਕਾਂਤਵਾਸ ਦੇ ਪੋਸਟਰਾਂ ਦਾ ਖ਼ੌਫ਼; ਪਰਿਵਾਰ ਨੂੰ ਘ੍ਰਿਣਾ ਦੀ ਨਜ਼ਰ ਨਾਲ ਵੇਖਦੇ ਨੇ ਆਮ ਲੋਕ
Wednesday, Jul 01, 2020 - 12:34 PM (IST)
ਬੱਸੀ ਪਠਾਣਾ (ਰਾਜਕਮਲ): ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਆਪਣੀ ਸਿਹਤ ਜਾਂਚ ਤੇ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਪ੍ਰੰਤੂ ਜੋ ਲੋਕ ਅਜਿਹਾ ਕਰ ਰਹੇ ਹਨ ਉਨ੍ਹਾਂ ਨੂੰ ਸਮਾਜਿਕ ਅਣਦੇਖੀ ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਟੈਸਟ ਕਰਵਾਉਣ ਵਾਲੇ ਵਿਅਕਤੀ ਨਾਲ ਸਮਾਜ ਅਜਿਹਾ ਸਲੂਕ ਕਰ ਰਿਹਾ ਹੈ, ਜਿਸ ਤਰ੍ਹਾਂ ਉਸਨੇ ਕੋਈ ਗੁਨਾਹ ਕਰ ਦਿੱਤਾ ਹੋਵੇ ਤੇ ਆਮ ਲੋਕ ਉਸ ਵਿਅਕਤੀ ਤੋਂ ਦੂਰੀ ਬਣਾ ਲੈਣ ਵਿਚ ਹੀ ਆਪਣੀ ਭਲਾਈ ਸਮਝ ਰਹੇ ਹਨ।
ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ
ਸਿਹਤ ਵਿਭਾਗ ਵਲੋਂ ਕੋਰੋਨਾ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਦੇ ਘਰਾਂ ਅੱਗੇ ਏਕਾਂਤਵਾਸ ਦਾ ਪੋਸਟਰ ਚਿਪਕਾ ਦਿੱਤਾ ਜਾਂਦਾ ਹੈ ਤੇ ਜਦੋਂ ਆਉਣ ਜਾਣ ਵਾਲੇ ਕੋਈ ਵਿਅਕਤੀ ਉਸ ਘਰ ਅੱਗੇ ਲੱਗੇ ਇਸ ਪੋਸਟਰ ਨੂੰ ਦੇਖਦਾ ਹੈ ਤਾਂ ਉਹ ਹੋਰ ਵਿਅਕਤੀਆਂ ਨੂੰ ਇਸ ਬਾਰੇ ਸੂਚਿਤ ਕਰਦਾ ਹੈ ਕਿ ਫ਼ਲਾਣੇ ਦੇ ਘਰ ਨਹੀਂ ਜਾਣਾ ਚਾਹੀਦਾ ਹੈ। ਹਾਲਾਂਕਿ ਵਿਅਕਤੀ ਵਲੋਂ ਸਿਰਫ਼ ਆਪਣਾ ਟੈਸਟ ਹੀ ਕਰਵਾਇਆ ਜਾਂਦਾ ਹੈ ਪਰ ਸਮਾਜ ਉਸ ਨੂੰ ਘ੍ਰਿਣਾ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਜਦੋਂ ਰਿਪੋਰਟ ਨੈਗੇਟਿਵ ਵੀ ਆ ਜਾਂਦੀ ਹੈ ਤਾਂ ਵੀ ਉਸ ਨੂੰ 14 ਦਿਨਾਂ ਦਾ ਏਕਾਂਤਵਾਸ ਤੇ ਸਮਾਜਿਕ ਬਾਈਕਾਟ ਦਾ ਸੰਤਾਪ ਭੁਗਤਣਾ ਪੈ ਰਿਹਾ ਹੈ। ਬੱਸੀ ਪਠਾਣਾ ਦੇ ਚੀਮਾ ਕਲੋਨੀ ਨਿਵਾਸੀ ਰਮੇਸ਼ ਗੁਪਤਾ ਨੇ ਕਿਹਾ ਕਿ ਸਰਕਾਰ ਦੀ ਅਪੀਲ 'ਤੇ ਉਨ੍ਹਾਂ ਵਲੋਂ ਖੁਦ ਆਪਣਾ ਟੈਸਟ ਕਰਵਾਇਆ ਗਿਆ ਤੇ ਸਿਹਤ ਟੀਮ ਵਲੋਂ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰਦੇ ਹੋਏ ਘਰ ਅੱਗੇ ਪੋਸਟਰ ਲਗਾ ਦਿੱਤਾ ਗਿਆ। ਇਸ ਕਾਰਨ ਮੁਹੱਲਾ ਵਾਸੀ ਉਸ ਤੋਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਇੱਥੋਂ ਤੱਕ ਕਿ ਉਸ ਦੇ ਘਰ ਸਾਫ਼-ਸਫ਼ਾਈ ਲਈ ਆਉਣ ਵਾਲੀ ਬੀਬੀ ਨੇ ਵੀ ਕੰਮ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ, ਪਰ ਉਨ੍ਹਾਂ ਨੂੰ 14 ਦਿਨ ਲਈ ਏਕਾਂਤਵਾਸ ਕਰ ਦਿੱਤਾ ਗਿਆ ਹੈ ਜਦੋਂ ਕਿ ਉਹ ਦੁਕਾਨਦਾਰ ਹਨ ਤੇ ਇਨ੍ਹਾਂ 14 ਦਿਨਾਂ ਵਿਚ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਮਾਜ ਨੂੰ ਜਾਗਰੂਕ ਕਰਵਾਇਆ ਜਾਵੇ ਕਿ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਨਾਲ ਅਜਿਹਾ ਵਤੀਰਾ ਨਾ ਕੀਤਾ ਜਾਵੇ ਤੇ ਜਿੱਥੇ ਤੱਕ ਹੋ ਸਕੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਘਰਾਂ ਅੱਗੇ ਲੱਗੇ ਪੋਸਟਰ ਹਟਾ ਦੇਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?