ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਾਬੂ ਸਿੰਘ ਮਾਨ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Sunday, Oct 19, 2025 - 05:17 PM (IST)

ਫ਼ਰੀਦਕੋਟ : ਉੱਘੇ ਸਾਹਿਤਕਾਰ, ਗੀਤਕਾਰ ਅਤੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਬਾਬੂ ਸਿੰਘ ਮਾਨ ਦੀ ਪਤਨੀ ਗੁਰਨਾਮ ਕੌਰ ਦਾ ਬੀਤੇ ਦਿਨ ਮੋਹਾਲੀ ਵਿਖੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਰਾੜ ਨੇੜੇ ਸਾਦਿਕ ਵਿਖੇ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਧਾਰਮਿਕ, ਸਿਆਸੀ ਅਤੇ ਸਮਾਜਿਕ ਆਗੂ, ਰਿਸ਼ਤੇਦਾਰਾਂ ਅਤੇ ਸੱਜਣਾ ਆਦਿ ਨੇ ਸ਼ਿਰੱਕਤ ਕੀਤੀ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਾਬੂ ਸਿੰਘ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਾਬੂ ਸਿੰਘ ਮਾਨ ਦੇ ਪਰਿਵਾਰਕ ਸਬੰਧ ਹਨ, ਉਨ੍ਹਾਂ ਨੇ ਵੀ ਮਾਤਾ ਜੀ ਗੁਰਨਾਮ ਕੌਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਮਾਨ ਪਰਿਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮਾਤਾ ਗੁਰਨਾਮ ਕੌਰ ਇਕ ਸਧਾਰਣ, ਧਾਰਮਿਕ ਤੇ ਮਨੁੱਖਤਾ ਪ੍ਰੇਮੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਹਮੇਸ਼ਾ ਸੱਚ, ਈਮਾਨਦਾਰੀ ਅਤੇ ਸੇਵਾ ਦੇ ਮੁੱਲਾਂ ਨੂੰ ਅਪਣਾਇਆ। ਉਨ੍ਹਾਂ ਦੀ ਨਿਮਰਤਾ ਅਤੇ ਸਹਿਯੋਗੀ ਸੁਭਾਅ ਨੇ ਸਭ ਦੇ ਦਿਲਾਂ ‘ਚ ਅਮਿੱਟ ਛਾਪ ਛੱਡੀ ਹੈ।
ਉਨ੍ਹਾਂ ਰੱਬ ਅੱਗੇ ਅਰਦਾਸ ਕੀਤੀ ਕਿ ਰੱਬ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਅਸਹਿਣਯੋਗ ਘੜੀ ਵਿੱਚ ਹੌਂਸਲਾ ਬਖ਼ਸ਼ੇ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਤੇਜ ਸਿੰਘ ਖੋਸਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗਗਨਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ, ਰਮਿੰਦਰ ਆਵਲਾ ਸਾਬਕਾ ਵਿਧਾਇਕ, ਹਰਭਜਨ ਮਾਨ ਤੋਂ ਇਲਾਵਾ ਹੋਰ ਹਾਜ਼ਰ ਸਨ।