ਬੱਸੀ ਪਠਾਣਾ ਦੇ ਕੰਨਿਆ ਸਕੂਲ ’ਚ 7 ਅਧਿਆਪਕ ਤੇ 1 ਸੇਵਾਦਾਰ ਕੋਰੋਨਾ ਪਾਜ਼ੇਟਿਵ

Thursday, Mar 18, 2021 - 01:44 AM (IST)

ਬੱਸੀ ਪਠਾਣਾ, (ਰਾਜਕਮਲ)- ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਮਾਰਟ ਸਕੂਲ ਬੱਸੀ ਪਠਾਣਾ ’ਚ 7 ਅਧਿਆਪਕਾਂ ਅਤੇ ਇਕ ਸੇਵਾਦਾਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ’ਤੇ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਐੱਸ. ਐੱਮ. ਓ. ਡਾ. ਨਿਰਮਲ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ 21 ਅਧਿਆਪਕ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ ਸਕੂਲ ਦੇ 6 ਮਹਿਲਾ ਅਧਿਆਪਕਾਂ, ਇਕ ਪੁਰਸ਼ ਅਧਿਆਪਕ ਅਤੇ ਇਕ ਸੇਵਾਦਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਨਿਰਮਲ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਬਲਜੀਤ ਕੌਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸਕੂਲ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਆਪਣੇ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ:- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ 'ਤੇ 3 ਮੁਲਾਜਮਾਂ ਦੀ ਰਿਪੋਰਟ ਪਾਜ਼ੇਟਿਵ

ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੂਰੀ ਤਰ੍ਹਾਂ ਸਾਵਧਾਨੀ ਬਣਾਕੇ ਰੱਖਣ ਤਾਂ ਜੋ ਕਿਸੇ ਤਰ੍ਹਾਂ ਵੀ ਕੋਰੋਨਾ ਫਿਰ ਤੋਂ ਪੈਰ ਨਾ ਪਸਾਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ’ਚ ਜਾਗਰੂਕਤਾ ਵਧੇਗੀ ਤਾਂ ਹੀ ਕੋਰੋਨਾ ਨੂੰ ਖਤਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:- ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗ ਅਹੁਦਾ ਦਿੱਤਾ ਜਾਵੇ : ਨਵਜੋਤ ਕੌਰ

‘ਕੁਝ ਅਧਿਆਪਕਾਂ ’ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਸਨ, ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਫੋਨ ਕਰ ਕੇ ਬੁਲਾਇਆ ਅਤੇ ਅਧਿਆਪਕਾਂ ਦੇ ਟੈਸਟ ਕਰਵਾਏ, ਜਿਨ੍ਹਾਂ ’ਚੋਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਜੇ ਸਕੂਲ ’ਚ ਟੈਸਟਿੰਗ ਚੱਲ ਰਹੀ ਹੈ ਪਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਕੂਲ ਨੂੰ ਹਫਤੇ ਲਈ ਬੰਦ ਕਰਵਾ ਦਿੱਤਾ ਗਿਆ ਹੈ।’


Bharat Thapa

Content Editor

Related News