ਬੱਸੀ ਪਠਾਣਾਂ ''ਚ ਕੋਰੋਨਾ ਦੇ 8 ਪਾਜ਼ੇਟਿਵ ਕੇਸ ਆਏ ਸਾਹਮਣੇ
Sunday, Jul 19, 2020 - 06:17 PM (IST)
ਬੱਸੀ ਪਠਾਣਾਂ (ਰਾਜਕਮਲ) : ਬੱਸੀ ਪਠਾਣਾਂ ਸ਼ਹਿਰ 'ਚ ਅੱਜ ਉਸ ਸਮੇਂ ਕੋਰੋਨਾ ਵਿਸਫ਼ੋਟ ਹੋਇਆ ਜਦੋਂ 8 ਪਾਜ਼ੇਟਿਵ ਕੇਸ ਸਾਹਮਣੇ ਆ ਗਏ, ਜਿਸ ਕਾਰਣ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬੱਸੀ ਪਠਾਣਾਂ ਦੀ ਐੱਸ. ਐੱਮ. ਓ. ਡਾ. ਨਿਰਮਲ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਗੁਰੂ ਨਾਨਕਪੁਰਾ ਤੇ ਚੀਮਾ ਕਾਲੋਨੀ 'ਚ ਆਏ 2 ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਨਮੂਨੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੈ ਕੇ ਜਾਂਚ ਲਈ ਭੇਜੇ ਗਏ ਸੀ, ਜਿਨ੍ਹਾਂ ਦੀ ਅੱਜ ਰਿਪੋਰਟ ਆਈ ਹੈ, ਜਿਸ 'ਚ 4 ਮਾਮਲੇ ਗੁਰੂ ਨਾਨਕਪੁਰਾ ਮੁਹੱਲਾ ਤੇ 2 ਸਰਾਫ਼ਾ ਬਾਜ਼ਾਰ ਨਾਲ ਸਬੰਧਤ ਹਨ।
ਇਕ ਮਾਮਲਾ ਧੋਬੀਆਂ ਮੁਹੱਲੇ ਤੋਂ ਹੈ ਜਿਸ ਨੂੰ ਖੰਘ, ਜ਼ੁਕਾਮ ਦੀ ਸ਼ਿਕਾਇਤ ਹੋਣ ਕਰਕੇ ਉਸ ਦੇ ਸੈਂਪਲ ਲਏ ਗਏ ਸਨ, ਜਦੋਂ ਕਿ ਇਕ ਮਾਮਲਾ ਪੁਲਸ ਲਾਈਨ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਪਹਿਲ ਦੇ ਆਧਾਰ 'ਤੇ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਡਾ. ਨਿਰਮਲ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੂੰ ਆਪਣੇ ਤੌਰ 'ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਤੇ ਜ਼ਰੂਰੀ ਸਾਵਧਾਨੀਆਂ ਨੂੰ ਅਮਲ 'ਚ ਲਿਆਉਣ ਦੀ ਲੋੜ ਹੈ ਤਾਂ ਜੋ ਇਸ ਮਹਾਮਾਰੀ ਤੋਂ ਖੁਦ ਨੂੰ ਤੇ ਦੂਜਿਆਂ ਨੂੰ ਬਚਾਇਆ ਜਾ ਸਕੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼ਹਿਰ 'ਚ ਪਹਿਲਾਂ ਪਾਏ ਗਏ 7 ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਉਪਰੋਕਤ ਹਸਪਤਾਲ 'ਚ ਚੱਲ ਰਿਹਾ ਹੈ ਤੇ ਐਤਵਾਰ ਨੂੰ ਇਕੋ ਦਿਨ 'ਚ 8 ਹੋਰ ਮਾਮਲਿਆਂ ਦਾ ਸਾਹਮਣੇ ਆਉਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜੇਕਰ ਲੋਕਾਂ ਨੇ ਹੁਣ ਵੀ ਸਾਵਧਾਨੀਆਂ ਨੂੰ ਅਮਲ 'ਚ ਲਿਆਉਣਾ ਜ਼ਰੂਰੀ ਨਾ ਬਣਾਇਆ ਤਾਂ ਭਵਿੱਖ 'ਚ ਇਹ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।