ਦਿੱਲੀ ਜਿੱਤ ਨਾਲ ਬਾਗੀ ਹੋਏ ਨਰਮ, ਪਿਰਮਲ ਮੁੜ 'ਆਪ' 'ਚ ਹੋ ਸਕਦੇ ਨੇ ਸ਼ਾਮਲ

Thursday, Feb 13, 2020 - 11:51 AM (IST)

ਦਿੱਲੀ ਜਿੱਤ ਨਾਲ ਬਾਗੀ ਹੋਏ ਨਰਮ, ਪਿਰਮਲ ਮੁੜ 'ਆਪ' 'ਚ ਹੋ ਸਕਦੇ ਨੇ ਸ਼ਾਮਲ

ਬਰਨਾਲਾ (ਪੁਨੀਤ ਮਾਨ) : ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਲਈ ਜ਼ਿਲਾ ਬਰਨਾਲਾ ਦੇ ਭਦੌੜ ਵਿਧਾਨ ਸਭਾ ਖੇਤਰ ਤੋਂ 'ਆਪ' ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕੇਜਰੀਵਾਲ ਅਤੇ ਦਿੱਲੀ ਦੀ ਜਨਤਾ ਨੂੰ ਵਧਾਈ ਦਿੱਤੀ ਹੈ, ਨਾਲ ਹੀ ਉਨ੍ਹਾਂ ਨੇ ਇਸ ਦਾ ਇਸ਼ਾਰਾ ਵੀ ਦੇ ਦਿੱਤਾ ਕਿ ਉਹ ਦੁਬਾਰਾ 'ਆਪ' 'ਚ ਸ਼ਾਮਲ ਹੋ ਸਕਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਨਫਰਤ ਦੀ ਰਾਜਨੀਤੀ ਦੀ ਹਾਰ ਹੋਈ ਹੈ ਅਤੇ ਕੰਮ ਦੀ ਜਿੱਤ ਹੋਈ ਹੈ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਨਾਲ ਕੀਤੀ ਬਗਾਵਤ ਦੇ ਸਬੰਧ ਵਿਚ ਕਿਹਾ ਕਿ ਉਹ ਅਜੇ ਵੀ 'ਆਪ' ਦੇ ਹੀ ਵਿਧਾਇਕ ਹਨ ਅਤੇ ਉਹ ਚਾਹੁੰਦੇ ਹਨ ਕਿ ਜਿਵੇਂ 'ਆਪ' ਨੇ ਦਿੱਲੀ ਵਿਚ ਕੰਮ ਕਰਕੇ ਸੱਤਾ ਹਾਸਲ ਕੀਤੀ ਹੈ। ਉਸੇ ਤਰ੍ਹਾਂ 'ਆਪ' ਪੰਜਾਬ ਵਿਚ ਵੀ ਸੱਤਾ ਵਿਚ ਆਏ।

ਉਨ੍ਹਾਂ ਕਿਹਾ ਕਿ ਇਸ ਲਈ ਮਿਲ ਬੈਠ ਕੇ ਪੰਜਾਬ ਦੇ ਮੁੱਦਿਆਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਪੰਜਾਬ 'ਚ ਨਾਰਾਜ਼ 'ਆਪ' ਆਗੂਆਂ ਨੂੰ ਮਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ 2017 ਵਿਚ ਹੋਈਆਂ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਹਨ ਤਾਂ ਹੀ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ 'ਆਪ' ਜਿੱਤ ਵੱਲ ਵੱਧ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਤੀਜਾ ਬਦਲ ਚਾਹੁੰਦੇ ਹਨ ਪਰ ਇਸ ਲਈ ਪਾਰਟੀ ਨੂੰ ਚਾਪਲੂਸੀ ਕਰਨ ਵਾਲੇ ਲੀਡਰਾਂ ਨੂੰ ਪਿੱਛੇ ਕਰਕੇ ਚੰਗੇ ਲੀਡਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਚਾਪਲੂਸ ਲੀਡਰਾਂ ਕਾਰਨ ਹੀ ਪਾਰਟੀ ਨੂੰ 2017 ਵਿਚ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਨਾਲ ਸੀ, ਹਨ ਤੇ ਹਮੇਸ਼ਾ ਰਹਿਣਗੇ।


author

cherry

Content Editor

Related News