ਕਰੋੜਾਂ-ਅਰਬਾਂ ਰੁਪਿਆਂ ਦੇ ਵਾਹਨ ਹੋ ਰਹੇ ਨੇ ਥਾਣਿਆਂ ''ਚ ਬਰਬਾਦ
Wednesday, Oct 30, 2019 - 11:44 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਵੱਖ-ਵੱਖ ਕੇਸਾਂ 'ਚ ਜ਼ਬਤ ਕੀਤੇ ਗਏ ਕਰੋੜਾਂ ਅਰਬਾਂ-ਰੁਪਿਆਂ ਦੇ ਵਾਹਨ ਥਾਣਿਆਂ 'ਚ ਪਏ ਕਬਾੜ ਹੋ ਰਹੇ ਹਨ। ਸੈਂਕੜਿਆਂ ਦੀ ਗਿਣਤੀ 'ਚ ਕੂੜਾ-ਕਰਕਟ ਵਾਂਗ ਸੁੱਟੇ ਇਨ੍ਹਾਂ ਵਾਹਨਾਂ ਦੀ ਮੌਜੂਦਾ ਹਾਲਤ ਇੰਨੀ ਤਰਸਯੋਗ ਹੈ ਕਿ ਇਨ੍ਹਾਂ 'ਚੋਂ ਬਹੁਤੇ ਆਪਣੀਆਂ ਨਿਸ਼ਾਨੀਆਂ ਵੀ ਖੋ ਚੁੱਕੇ ਹਨ। ਆਮ ਤੌਰ 'ਤੇ ਚੋਰੀ, ਦੁਰਘਟਨਾਵਾਂ ਅਤੇ ਗਲਤ ਰਜਿਸਟ੍ਰੇਸ਼ਨ ਦੇ ਦੋਸ਼ ਸਬੰਧੀ ਜ਼ਬਤ ਕੀਤੇ ਗਏ ਇਹ ਵਾਹਨ ਹੁਣ ਪੂਰੀ ਤ੍ਹਰਾਂ ਕੰਡਮ ਹੋ ਚੁੱਕੇ ਹਨ। ਲਾਪ੍ਰਵਾਹੀ ਨਾਲ ਸੁੱਟੇ ਇਹ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਹੁਣ ਉਸੇ ਹਾਲਤ 'ਚ ਵਾਹਨ ਮਾਲਕਾਂ ਨੂੰ ਦੁਬਾਰਾ ਨਸੀਬ ਹੁੰਦੇ ਨਹੀਂ ਜਾਪਦੇ। ਵਾਹਨਾਂ ਦੀ ਸੰਭਾਲ ਲਈ ਕਿਸੇ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂਕਿ ਕੋਰਟ ਦੇ ਹੁਕਮਾਂ ਅਨੁਸਾਰ ਜ਼ਬਤ ਕੀਤੇ ਵਾਹਨਾਂ ਨੂੰ ਉਸੇ ਹਾਲਤ 'ਚ ਰੱਖਣਾ ਪੈਂਦਾ ਹੈ। ਇਥੋਂ ਤੱਕ ਕਿ ਜੇਕਰ ਕਿਸੇ ਵਿਅਕਤੀ ਦਾ ਵਾਹਨ ਚੋਰੀ ਵੀ ਹੋ ਜਾਵੇ, ਚੋਰੀ ਕੀਤੇ ਗਏ ਵਾਹਨਾਂ ਦੀ ਸਪੁਰਦਗੀ ਵੀ ਜ਼ਿਆਦਾਤਰ ਮਾਮਲਿਆਂ 'ਚ ਘੱਟ ਹੀ ਹੁੰਦੀ ਹੈ। ਜੇਕਰ ਕੋਈ ਵੀ ਵਿਅਕਤੀ ਆਪਣੇ ਵਾਹਨ ਨੂੰ ਲੈ ਵੀ ਜਾਂਦਾ ਹੈ ਤਾਂ ਉਸ ਨੂੰ ਕੇਸ ਚੱਲਣ ਤੱਕ ਆਪਣੇ ਵਾਹਨ ਨੂੰ ਉਸੇ ਹਾਲਤ 'ਚ ਰੱਖਣਾ ਪੈਂਦਾ ਹੈ। ਕਾਨੂੰਨੀ ਪ੍ਰਕਿਰਿਆ ਤੋਂ ਬਚਣ ਲਈ ਕਈ ਵਾਹਨ ਮਾਲਕ ਥਾਣਿਆਂ 'ਚੋਂ ਸਪੁਰਦਗੀ ਨਹੀਂ ਲੈਂਦੇ ਅਤੇ ਥਾਣਿਆਂ 'ਚ ਪਏ-ਪਏ ਹੀ ਵਾਹਨ ਸੜ ਜਾਂਦੇ ਹਨ।
ਥਾਣਿਆਂ 'ਚ ਪਏ-ਪਏ ਕਈ ਵਾਹਨ ਸੜ ਰਹੇ ਹਨ
ਥਾਣਿਆਂ 'ਚ ਪਏ ਕਈ ਵਾਹਨ ਤਾਂ ਅਜਿਹੇ ਹਨ ਜੋ ਕਿ ਪਿਛਲੇ ਦਸ ਤੋਂ ਪੰਦਰਾਂ ਸਾਲਾਂ ਤੋਂ ਥਾਣਿਆਂ 'ਚ ਹੀ ਪਏ ਹਨ। ਇਹ ਵਾਹਨ ਖੁੱਲ੍ਹੇ ਆਸਮਾਨ ਥੱਲੇ ਖੜ੍ਹੇ ਹਨ। ਇਸ ਦੀ ਸੰਭਾਲ ਲਈ ਕਿਸੇ ਕਰਮਚਾਰੀ ਦੀ ਡਿਊਟੀ ਵੀ ਨਹੀਂ ਲਾਈ ਗਈ। ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ, ਜਿਸ ਕਾਰਣ ਕਈ ਵਾਹਨਾਂ ਦੇ ਤਾਂ ਪੁਰਜੇ ਵੀ ਗਾਇਬ ਹੋ ਚੁੱਕੇ ਹਨ। ਕਈ ਵਾਹਨਾਂ ਦੀਆਂ ਚੈਸੀਆਂ ਵੀ ਗਾਇਬ ਹੋ ਚੁੱਕੀਆਂ ਹਨ। ਕਿਸੇ ਵਾਹਨ ਦੀ ਖਾਲੀ ਬਾਡੀ ਹੀ ਪਈ ਹੈ। ਕਿਸ ਦਾ ਇੰਜਣ ਕਿੱਥੇ ਹੈ ਪਤਾ ਹੀ ਨਹੀਂ ਚੱਲ ਰਿਹਾ।
ਜ਼ਿਲੇ ਦੇ 11 ਥਾਣਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਨਸ਼ਟ ਹੋ ਰਹੇ ਨੇ ਪੁਲਸ ਵੱਲੋਂ ਬਰਾਮਦ ਕੀਤੇ ਵਾਹਨ
ਜ਼ਿਲਾ ਬਰਨਾਲਾ 'ਚ ਕੁੱਲ 11 ਥਾਣੇ ਪੈਂਦੇ ਹਨ, ਜਿਸ ਵਿਚ ਥਾਣਾ ਸਿਟੀ 1, ਥਾਣਾ ਸਿਟੀ 2, ਥਾਣਾ ਸਦਰ, ਥਾਣਾ ਧਨੌਲਾ, ਥਾਣਾ ਮਹਿਲ ਕਲਾਂ, ਥਾਣਾ ਠੁੱਲੀਵਾਲ, ਥਾਣਾ ਟੱਲੇਵਾਲ, ਥਾਣਾ ਸ਼ਹਿਣਾ, ਥਾਣਾ ਭਦੌੜ, ਥਾਣਾ ਤਪਾ, ਥਾਣਾ ਰੂੜੇਕੇ ਕਲਾਂ ਪੈਂਦੇ ਹਨ। ਇਨ੍ਹਾਂ 11 ਥਾਣਿਆਂ 'ਚ ਹਜ਼ਾਰਾਂ ਦੀ ਗਿਣਤੀ ਵਿਚ ਜ਼ਬਤ ਕੀਤੇ ਵਾਹਨ ਨਸ਼ਟ ਹੋ ਰਹੇ ਹਨ। ਇਨ੍ਹਾਂ ਨਸ਼ਟ ਹੋ ਰਹੇ ਵਾਹਨਾਂ ਕਾਰਣ ਜਿਥੇ ਕਰੋੜਾਂ ਰੁਪਿਆਂ ਬੇਕਾਰ ਜਾ ਰਿਹਾ ਹੈ, ਉਥੇ ਦੇਸ਼ ਦੀ ਇਕੋਨੌਮੀ ਦਾ ਵੀ ਨੁਕਸਾਨ ਹੋ ਰਿਹਾ ਹੈ।
45 ਵ੍ਹੀਕਲਾਂ ਦੀ ਡਿਸਪੋਜ਼ਲ ਲਈ ਪਰਪੋਸਲ ਬਣਾ ਕੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਹੋਇਐ : ਜ਼ਿਲਾ ਪੁਲਸ ਮੁਖੀ
ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਜੱਜ ਸਾਹਿਬ ਤੋਂ ਮਨਜ਼ੂਰੀ ਲੈ ਕੇ ਅਜਿਹੇ ਵ੍ਹੀਕਲਾਂ ਦੀ ਨਿਲਾਮੀ ਕਰਵਾਈ ਜਾਂਦੀ ਹੈ। ਇਹ ਨਿਲਾਮੀ ਜ਼ਿਲਾ ਬਰਨਾਲਾ ਵਿਖੇ ਪਿਛਲੇ ਸਾਲ ਵੀ ਕਰਵਾਈ ਗਈ ਸੀ ਅਤੇ ਇਸ ਵਾਰ ਵੀ 45 ਵ੍ਹੀਕਲਾਂ ਦੇ ਡਿਸਪੋਜ਼ਲ ਦੀ ਪ੍ਰਪੋਜ਼ਲ ਬਣਾ ਕੇ ਡਿਪਟੀ ਕਮਿਸ਼ਨਰ ਸਾਹਿਬ ਦੀ ਪ੍ਰਵਾਨਗੀ ਲਈ ਭੇਜੀ ਹੋਈ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਥਾਣਾ ਸਿਟੀ ਵਿਚ ਮਾਲਖਾਨਾ ਮੁੰਸ਼ੀ ਦੀ ਜ਼ਿੰਮੇਵਾਰੀ ਵ੍ਹੀਕਲਾਂ ਦੀ ਦੇਖ-ਰੇਖ ਦੀ ਹੁੰਦੀ ਹੈ ਅਤੇ ਬਾਕੀ ਥਾਣਿਆਂ 'ਚ ਸਬੰਧਤ ਮੁਨਸ਼ੀਆਂ ਦੀ ਡਿਊਟੀ ਹੁੰਦੀ ਹੈ, ਇਨ੍ਹਾਂ ਨੇ ਜ਼ਬਤ ਵਾਹਨਾਂ ਨੂੰ ਅਦਾਲਤ 'ਚ ਪੇਸ਼ ਕਰਨਾ ਹੁੰਦਾ ਹੈ।