ਸ਼ਰਾਬੀ ਹਾਲਤ ''ਚ ਡਾਕਟਰ ਕਰ ਰਿਹਾ ਸੀ ਮਰੀਜ਼ਾਂ ਦਾ ਇਲਾਜ, ਵਿਧਾਇਕ ਨੇ ਰੰਗੇਹੱਥੀਂ ਫੜਿਆ
Saturday, Mar 30, 2019 - 03:19 PM (IST)
ਬਰਨਾਲਾ (ਪੁਨੀਤ) : ਭਦੌੜ ਦਾ ਸਰਕਾਰੀ ਹਸਪਤਾਲ ਅਕਸਰ ਹੀ ਵਿਵਾਦਾਂ ਵਿਚ ਰਹਿੰਦਾ ਹੈ ਫਿਰ ਚਾਹੇ ਉਹ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਕਾਰਨ ਜਾਂ ਫਿਰ ਦਵਾਈਆਂ ਦੀ, ਪਰ ਇਸ ਵਾਰ ਮਾਮਲਾ ਕੁੱਝ ਵੱਖਰਾ ਹੀ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਵਾਰ ਇਹ ਹਸਪਤਾਲ ਇਕ ਸ਼ਰਾਬੀ ਡਾਕਟਰ ਕਾਰਨ ਚਰਚਾ ਵਿਚ ਆਇਆ ਹੈ। ਹਸਪਤਾਲ ਵਿਚ ਤਾਇਨਾਤ ਮੈਡੀਕਲ ਅਫਸਰ ਬਿਕਰਮਜੀਤ ਸਿੰਘ, ਜੋ ਕਿ ਅਕਸਰ ਹੀ ਡਿਊਟੀ ਦੇ ਸਮੇਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਰਹਿੰਦਾ ਹੈ, ਨੂੰ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਹਸਪਤਾਲ ਵਿਚ ਛਾਪਾ ਮਾਰ ਕੇ ਸ਼ਰਾਬੀ ਹਾਲਤ ਵਿਚ ਰੰਗੇਹੱਥੀਂ ਫੜਿਆ ਹੈ। ਵਿਧਾਇਕ ਨੇ ਜਦੋਂ ਸ਼ਰਾਬੀ ਡਾਕਟਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਡਾਕਟਰ ਨੇ ਵਿਧਾਇਕ ਨਾਲ ਬਦਤਮੀਜ਼ੀ ਕੀਤੀ।
ਮੌਕੇ 'ਤੇ ਹੀ ਵਿਧਾਇਕ ਪਿਰਮਲ ਧੌਲਾ ਨੇ ਸਿਵਲ ਸਰਜਨ ਬਰਨਾਲਾ ਨੂੰ ਫ਼ੋਨ ਕਰਕੇ ਡਾਕਟਰ ਦੀ ਸ਼ਰਾਬੀ ਹਾਲਤ ਦੇ ਬਾਰੇ ਵਿਚ ਦੱਸਿਆ ਅਤੇ ਉਨ੍ਹਾਂ ਨੂੰ ਡਾਕਟਰ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਥੇ ਹੀ ਇਸ ਸਬੰਧੀ ਸ਼ਰਾਬੀ ਡਾਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਵਧੀਆ ਕੰਮ ਕਰ ਰਹੇ ਹਨ ਅਤੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਸਰਕਾਰੀ ਹਸਪਤਾਲ ਭਦੌੜ ਦੇ ਐਸ.ਐਮ.ਓ. ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਅਤੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਸੂਚਿਤसਕਰ ਦਿੱਤਾ ਹੈ ਅਤੇ ਡਾਕਟਰ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ।
ਇਸ ਪੂਰੇ ਮਾਮਲੇ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਡਾਕਟਰ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਸਰਕਾਰੀ ਹਸਪਤਾਲ ਭਦੌੜ ਵਿਚ ਕਾਬਲ ਡਾਕਟਰਾਂ ਦੀ ਨਿਯੁਕਤੀ ਕਰਨੀ ਚਾਹੀਦੀ ਹੈ।