ਕਾਂਗਰਸ ਦੀ ਖਾਲਿਸਤਾਨੀਆਂ ਨਾਲ ਗੰਢ-ਸੰਢ ਨਹੀਂ, ਬਰਗਾੜੀ ਕਾਂਡ ਦੇ ਜ਼ਿੰਮੇਵਾਰ ਹੋਣਗੇ ਬੇਨਕਾਬ: ਅਮਰਿੰਦਰ

08/31/2018 4:41:39 PM

ਜਲੰਧਰ (ਧਵਨ)—ਪੰਜਾਬ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਦਿੱਤੀ ਗਈ ਰਿਪੋਰਟ ਨੂੰ ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਬਰਗਾੜੀ 'ਚ ਪੁਲਸ ਨੂੰ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ ਲਈ ਜ਼ਿੰਮੇਵਾਰ ਆਗੂਆਂ ਦੇ ਚਿਹਰੇ ਬੇਨਕਾਬ ਕੀਤੇ ਜਾਣਗੇ। ਉਨ੍ਹਾਂ ਅੱਜ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ 'ਚ ਸੰਕੇਤ ਦਿੱਤੇ ਹਨ ਕਿ ਫਾਇਰਿੰਗ ਦੇ ਹੁਕਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੇ ਗਏ ਸਨ। ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੁਣ ਐੱਸ. ਆਈ. ਟੀ. ਵਲੋਂ ਡੂੰਘਾਈ ਨਾਲ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ 'ਚ ਪੁਲਸ ਫਾਇਰਿੰਗ ਵਾਲੇ ਦਿਨ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਸਵੇਰੇ ਉਸ ਸਮੇਂ ਦੇ ਮੁੱਖ ਮੰਤਰੀ ਬਾਦਲ ਨੂੰ ਮਿਲੇ ਸਨ ਤੇ ਬਾਦਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਧਰਨੇ ਤੇ ਪ੍ਰਦਰਸ਼ਕਾਰੀਆਂ ਨੂੰ ਬਰਗਾੜੀ ਤੋਂ ਹਟਾਇਆ ਜਾਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਗੇ ਜਾਂਚ 'ਚ ਪਤਾ ਲੱਗੇਗਾ ਕਿ ਅਸਲ 'ਚ ਕੌਣ-ਕੌਣ ਲੋਕ ਦੋਸ਼ੀ ਹਨ।
ਇਹ ਪੁੱਛੇ ਜਾਣ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਆਈ. ਐੱਸ. ਆਈ. ਦਾ ਹੱਥ ਸੀ, ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਆਪਣੇ ਪਿਤਾ ਬਾਦਲ ਤੋਂ ਗਲਤ ਸੂਚਨਾਵਾਂ ਫੈਲਾਉਣ ਦੀ ਆਦਤ ਸਿੱਖ ਗਏ ਹਨ। ਉਨ੍ਹਾਂ ਅਕਾਲੀਆਂ ਦੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਕਿ ਕਾਂਗਰਸ ਦੀ ਖਾਲਿਸਤਾਨੀਆਂ ਨਾਲ ਗੰਢ-ਤੁਪ ਹੈ ਅਤੇ ਉਹ ਲੋਕ ਸਭਾ ਚੋਣਾਂ 'ਚ ਧਾਰਮਿਕ ਕਾਰਡ ਨੂੰ ਵੋਟ ਲੈਣ ਲਈ ਖੇਡੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਹੁਣ ਫਿਰ ਤੋਂ ਗਲਤ ਸੂਚਨਾਵਾਂ ਫੈਲੀਆਂ ਜਾ ਰਹੀਆਂ ਹਨ, ਕਿਉਂਕਿ ਖਾਲਿਸਤਾਨ ਦੇ ਖਿਲਾਫ ਉਹ ਖੁਦ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਅੱਤਵਾਦ ਦੇ ਦੌਰ 'ਚ 35,000 ਬੇਕਸੂਰ ਲੋਕਾਂ ਦਾ ਕਤਲੇਆਮ ਹੋਇਆ ਹੈ। ਆਈ. ਐੱਸ. ਆਈ. ਤੇ ਪਾਕਿਸਤਾਨ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਸਰਕਾਰ ਸੂਬੇ 'ਚ ਅਮਨ ਤੇ ਸ਼ਾਂਤੀ ਨੂੰ ਕਿਸੇ ਵੀ ਹਾਲਤ 'ਚ ਭੰਗ ਨਹੀਂ ਹੋਣ ਦੇਵੇਗੀ। 
1984 ਦੇ ਦੰਗਿਆਂ 'ਚ ਭਗਤ, ਸੱਜਣ ਕੁਮਾਰ, ਅਰਜੁਨ ਦਾਸ ਤੇ ਧਰਮਦਾਸ ਸ਼ਾਸਤਰੀ ਦੀ ਸ਼ਮੂਲੀਅਤ ਸੀ—
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1984 ਦੇ ਦੰਗਿਆਂ ਲਈ ਪੂਰੀ  ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।  ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਦੇ ਸਮੇਂ ਰਾਜੀਵ ਗਾਂਧੀ ਬੈਂਗਲੁਰੂ 'ਚ ਹਵਾਈ ਅੱਡੇ 'ਤੇ ਮੌਜੂਦ ਸਨ। ਦੰਗਿਆਂ ਦੀ ਸੂਚਨਾ ਮਿਲਦੇ ਹੀ ਉਹ ਆਪਣੇ ਤਿੰਨ ਹੋਰ ਮਿੱਤਰਾਂ ਨਾਲ ਦਿੱਲੀ ਚਲੇ ਗਏ ਤੇ ਤਿੰਨ ਦਿਨ ਤਕ ਰਾਹਤ ਕੈਂਪ 'ਚ ਜਾਂਦੇ ਰਹੇ। ਉਨ੍ਹਾਂ ਨੇ ਦਿੱਲੀ 'ਚ ਦੇਖਿਆ ਕਿ ਲਾਸ਼ਾਂ ਨੂੰ ਗਟਰਾਂ 'ਚ ਸੁੱਟਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੀੜਤ ਲੋਕ ਐੱਚ. ਕੇ. ਐੱਲ. ਭਗਤ, ਸੱਜਣ ਕੁਮਾਰ, ਅਰਜੁਨ ਦਾਸ ਅਤੇ ਧਰਮਦਾਸ ਸ਼ਾਸਤਰੀ ਦੇ ਨਾਂ ਲੈ ਰਹੇ ਸਨ। ਕਿਸੇ ਨੇ ਵੀ ਜਗਦੀਸ਼ ਟਾਈਟਲਰ ਦਾ ਨਾਂ ਨਹੀਂ ਲਿਆ ਸੀ। ਸਿਰਫ ਮਦਨ ਲਾਲ ਖੁਰਾਣਾ ਨੇ ਟਾਈਟਲਰ ਦਾ ਨਾਂ ਲਿਆ ਸੀ ਕਿਉਂਕਿ ਟਾਈਟਲਰ ਉਨ੍ਹਾਂ ਦੇ ਸਿਆਸੀ ਵਿਰੋਧੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਜਾਂਚ 'ਚ ਟਾਈਟਲਰ ਦਾ ਨਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਇਹ ਸਪੱਸ਼ਟ ਹੈ ਕਿ ਇਸ 'ਚ ਕਾਂਗਰਸ ਪਾਰਟੀ ਦੀ ਭੂਮਿਕਾ ਨਹੀਂ ਸੀ।
ਦਿੱਲੀ ਦੰਗਿਆਂ ਨੂੰ ਲੈ ਕੇ 26 ਆਰ. ਐੱਸ. ਐੱਸ. ਆਗੂਆਂ 'ਤੇ ਵੀ ਦਰਜ ਹੋਇਆ ਸੀ ਕੇਸ—
ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਤਿਲਕਨਗਰ ਥਾਣੇ 'ਚ ਦੰਗਿਆਂ ਨੂੰ ਲੈ ਕੇ 26 ਆਰ. ਐੱਸ. ਐੱਸ. ਦੇ ਵਰਕਰਾਂ ਵਿਰੁੱਧ ਵੀ ਕੇਸ ਦਰਜ ਹੋਇਆ ਸੀ। ਕਿਉਂ ਸਮੁੱਚੇ ਆਰ. ਐੈੱਸ. ਐੱਸ. ਨੂੰ ਦੰਗਿਆਂ ਲਈ ਦੋਸ਼ੀ ਮੰਨ ਲਿਆ ਜਾਵੇ? ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਪੰਜਾਬ ਸਮੱਸਿਆ ਲਈ ਜ਼ਿੰਮੇਵਾਰ ਬਾਦਲ ਹੀ ਹੈ, ਜਿਨ੍ਹਾਂ ਨੇ ਅੱਤਵਾਦ ਦੇ ਦੌਰ 'ਚ ਨੌਜਵਾਨਾਂ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ।


Related News