ਨਸ਼ੇ ਦੀ ਓਵਰਡੋਜ਼ ਨੇ ਲਈ 2 ਦੋਸਤਾਂ ਦੀ ਜਾਨ

07/09/2019 11:35:05 AM

ਬਨੂੜ (ਗੁਰਪਾਲ)—ਸੂਬੇ ਦੇ ਨੌਜਵਾਨ ਦਿਨੋ-ਦਿਨ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ। ਬੀਤੇ ਦਿਨ ਨਸ਼ੇ ਦੀ ਓਵਰਡੋਜ਼ ਕਾਰਣ ਬਨੂੜ ਇਲਾਕੇ ਦੇ 2 ਨੌਜਵਾਨਾਂ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਖਲੌਰ ਦਾ ਹਰਪ੍ਰੀਤ ਸਿੰਘ (28) ਪੁੱਤਰ ਬਲਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ (25) ਪੁੱਤਰ ਪਾਲਾ ਸਿੰਘ ਥਾਣਾ ਸ਼ੰਭੂ ਕਲਾਂ ਦੋਵੇਂ ਆਪਸ 'ਚ ਗੂੜ੍ਹੇ ਮਿੱਤਰ ਸਨ। ਉਨ੍ਹਾਂ ਦੀਆਂ ਲਾਸ਼ਾਂ ਅੰਬਾਲਾ ਤੋਂ ਪਿਹੋਵਾ ਨੂੰ ਜਾਂਦੇ ਕੌਮੀ ਮਾਰਗ 'ਤੇ ਪੈਂਦੇ ਪਿੰਡ ਸਿੰਘਾਂਵਾਲਾ ਨੇੜੇ ਸੁੱਕੇ ਪਾਣੀ ਦੇ ਟੋਭੇ 'ਚੋਂ ਮਿਲੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਸ਼ਨੀਵਾਰ ਸ਼ਾਮ ਨੂੰ ਆਪਣੇ ਘਰੋਂ ਮੋਟਰਸਾਈਕਲ 'ਤੇ ਘਨੌਰ ਦੇ ਰਸਤੇ ਅੰਬਾਲਾ ਪਹੁੰਚੇ। ਉੱਥੋਂ ਉਹ ਪਿਹੋਵਾ ਨੂੰ ਜਾਂਦੇ ਮਾਰਗ 'ਤੇ ਪੈਂਦੇ ਪਿੰਡ ਸਿੰਘਾਂਵਾਲਾ ਦੇ ਟੋਭੇ ਕੋਲ ਨਸ਼ਾ ਕੀਤਾ। ਨਸ਼ੇ ਦੀ ਓਵਰਡੋਜ਼ ਕਾਰਣ ਦੋਵਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਦੋਵੇਂ ਨੌਜਵਾਨਾਂ ਦੇ ਹੱਥਾਂ 'ਚ ਸਰਿੰਜਾਂ ਸਨ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈਣ ਉਪਰੰਤ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀਆਂ। ਇਸ ਘਟਨਾ ਦਾ ਇਲਾਕੇ 'ਚ ਪਤਾ ਲੱਗਣ 'ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ।

PunjabKesari

ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਹੋਈ ਮੁਹਿੰਮ ਦੇ ਸਾਰਥਕ ਸਿੱਟੇ ਸਾਹਮਣੇ ਨਹੀਂ ਆ ਰਹੇ। ਇਸ ਕਾਰਨ ਨੌਜਵਾਨ ਇਸ ਨਸ਼ਿਆਂ-ਰੂਪੀ ਦੈਂਤ ਦੀ ਗ੍ਰਿਫ਼ਤ 'ਚ ਜਕੜੇ ਜਾ ਰਹੇ ਹਨ। ਦੋਵੇਂ ਮ੍ਰਿਤਕ ਨੌਜਵਾਨ ਆਪਸ 'ਚ ਗੂੜ੍ਹੇ ਮਿੱਤਰ ਸਨ। ਨੌਜਵਾਨ ਹਰਪ੍ਰੀਤ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਇਕ ਛੋਟਾ ਬੱਚਾ ਅਤੇ ਆਪਣੇ ਮਾਪਿਆਂ ਨੂੰ ਛੱਡ ਗਿਆ ਹੈ। ਗੁਰਪ੍ਰੀਤ ਸਿੰਘ ਜਿਸ ਦਾ ਕਿ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਆਪਣੀ ਵਿਧਵਾ ਪਤਨੀ ਅਤੇ ਬਜ਼ੁਰਗ ਵਿਧਵਾ ਮਾਤਾ ਨੂੰ ਛੱਡ ਗਿਆ ਹੈ। ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਕਰ ਕੇ ਮੌਤ ਹੋ ਗਈ ਸੀ।


Shyna

Content Editor

Related News