ਬਿਨਾਂ ਦੱਸੇ ਖ਼ਪਤਕਾਰ ਦੇ ਖ਼ਾਤੇ ’ਚੋਂ 94 ਹਜ਼ਾਰ ਰੁਪਏ ਕੱਟੇ
Saturday, Jul 01, 2023 - 02:16 PM (IST)

ਸੰਗਰੂਰ (ਬੇਦੀ) : ਸੰਗਰੂਰ ’ਚ ਬੀਤੀ ਰਾਤ ਐੱਚ. ਡੀ. ਐੱਫ. ਸੀ. ਬੈਂਕ ਦੇ ਇਕ ਖ਼ਪਤਕਾਰ ਦੇ ਖ਼ਾਤੇ ’ਚੋਂ ਬਿਨਾਂ ਦੱਸੇ 94 ਹਜ਼ਾਰ ਰੁਪਏ ਕੱਢਵਾ ਲਏ ਗਏ। ਇਸ ਦਾ ਪਤਾ ਉਦੋਂ ਲੱਗਿਆ, ਜਦੋਂ ਖ਼ਪਤਕਾਰ ਦੇ ਮੋਬਾਇਲ ’ਤੇ ਇਸ ਸਬੰਧੀ ਮੈਸਜ ਆਇਆ ਤੇ ਖ਼ਪਤਕਾਰ ਦੇ ਹੋਸ਼ ਉੱਡ ਗਏ। ਜਾਣਕਾਰੀ ਦਿੰਦਿਆਂ ਬੈਂਕ ਦੇ ਸੰਗਰੂਰ ਤੋਂ ਖ਼ਪਤਕਾਰ ਸਚਿਨ ਧਨੰਜਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10.30 ਵਜੇ ਉਸ ਦੇ ਮੋਬਾਇਲ ’ਤੇ ਇਕ ਮੈਸਜ ਆਇਆ ਕਿ ਉਸ ਦੇ ਖਾਤੇ ’ਚੋਂ 46738.28 ਰੁਪਏ ਦੀ ਟਰਾਂਜੈਕਸ਼ਨ ਹੋਈ ਹੈ ਅਤੇ ਉਸਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।
ਉਸ ਨੇ ਤੁਰੰਤ ਐੱਚ. ਡੀ. ਐੱਫ. ਸੀ. ਦੇ ਕਸਟਮਰ ਕੇਅਰ ਨੂੰ ਫੋਨ ਕਰ ਕੇ ਪੂਰੀ ਜਾਣਕਾਰੀ ਦਿੱਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਕਤ ਰਕਮ ਉਸ ਦੇ ਖਾਤੇ ’ਚੋਂ ਇਕ ਵਾਰ ਨਹੀਂ ਸਗੋਂ ਦੋ ਵਾਰ ਕੁੱਲ 94 ਹਜ਼ਾਰ ਰੁਪਏ ਦੇ ਕਰੀਬ ਦੀ ਟਰਾਂਜੈਕਸ਼ਨ ਹੋਈ ਹੈ। ਕਸਟਮਰ ਕੇਅਰ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਕ੍ਰੈਡਿਟ ਕਾਰਡ ਤੁਰੰਤ ਬੰਦ ਕਰਵਾ ਦਿੱਤਾ। ਖ਼ਪਤਕਾਰ ਨੇ ਇਸ ਧੋਖਾਦੇਹੀ ਬਾਰੇ ਤੁਰੰਤ ਪੰਜਾਬ ਸਰਕਾਰ ਦੇ ਸਾਈਬਰ ਕ੍ਰਾਈਮ ਨੂੰ ਸੂਚਿਤ ਕੀਤਾ।
ਖ਼ਪਤਕਾਰ ਨੇ ਬੈਂਕ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੱਢਵਾਈ ਗਈ ਰਕਮ ਦੀ ਅਦਾਇਗੀ ਜਲਦੀ ਤੋਂ ਜਲਦੀ ਵਾਪਸ ਕੀਤੀ ਜਾਵੇ। ਉਸ ਨੇ ਆਖਿਆ ਕਿ ਜਦੋਂ ਤੱਕ ਉਸਦਾ ਭੁਗਤਾਨ ਵਾਪਸ ਨਹੀਂ ਹੋ ਜਾਂਦਾ, ਉਸਦੇ ਕ੍ਰੈਡਿਟ ਕਾਰਡ ’ਚ ਦਿਖਾਈ ਗਈ ਰਕਮ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ, ਤਾਂ ਜੋ ਉਸਦੇ ਸਿੰਬਲ ਸਕੋਰ ’ਤੇ ਕੋਈ ਪ੍ਰਭਾਵ ਨਾ ਪਵੇ। ਖ਼ਪਤਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੂੰ ਸਮੇਂ ਸਿਰ ਅਦਾਇਗੀ ਵਾਪਸ ਨਾ ਹੋਈ ਅਤੇ ਉਸਦਾ ਸਿਬਲ ਸਕੋਰ ਪ੍ਰਭਾਵਿਤ ਹੋਇਆ ਤਾਂ ਉਹ ਖ਼ਪਤਕਾਰ ਫੋਰਮ ਕੋਲ ਜਾਣ ਲਈ ਮਜਬੂਰ ਹੋਵੇਗਾ।