ਹੁਸ਼ਿਆਰਪੁਰ ਪੁਲਸ ਵੱਲੋਂ ਭਾਗੋਵਾਲ ਦੇ ਬੈਂਕ ''ਚੋਂ ਲੁੱਟੇ 3.8 ਲੱਖ ਰੁਪਏ ਬਰਾਮਦ
Friday, Nov 13, 2020 - 03:29 PM (IST)
ਹੁਸ਼ਿਆਰਪੁਰ (ਰਾਕੇਸ਼)— ਹੁਸ਼ਿਆਰਪੁਰ ਪੁਲਸ ਵੱਲੋਂ ਭਾਗੋਵਾਲ ਦੇ ਬੈਂਕ 'ਚੋਂ ਲੁੱਟੇ 3.8 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਦਰਅਸਲ ਬੈਂਕ ਡਕੈਤੀ 'ਚ ਸ਼ਾਮਲ ਦੋ ਦੋਸ਼ੀਆਂ ਨੂੰ ਦਿੱਲੀ ਦੀ ਤਿਹਾੜ ਜੇਲ 'ਚੋਂ ਲਿਆ ਕੇ ਲੁੱਟ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪੁਲਸ ਨੇ ਦੋਸ਼ੀਆਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ 'ਚੋਂ ਲੁੱਟੇ 3 ਲੱਖ 8 ਹਜ਼ਾਰ ਰੁਪਏ ਬਰਾਮਦ ਕਰਦੇ ਹੋਏ ਪਿੰਡ ਰਿਹਾਨਾ ਜੱਟਾਂ 'ਚ ਮਨੀਚੇਂਜਰ ਕੋਲੋਂ 80,000 ਦੀ ਕੀਤੀ ਲੁੱਟ ਦਾ ਮਾਮਲਾ ਵੀ ਹੱਲ ਕਰ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਏ. ਐੱਸ. ਪੀ. ਜਾਂਚ ਰਵਿੰਦਰ ਪਾਲ ਸੰਧੂ ਦੀ ਅਗਵਾਈ 'ਚ ਥਾਣਾ ਹਰਿਆਣਾ ਅਤੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਬੈਂਕ ਡਕੈਤੀ 'ਚ ਸ਼ਾਮਲ ਭਗੌੜੇ ਸਤਪਾਲ ਸਿੰਘ ਉਰਫ ਸੱਤਾ ਨਿਵਾਸੀ ਹਰਿਆਣਾ ਅਤੇ ਗੁਰਿੰਦਰ ਸਿੰਘ ਉਰਫ਼ ਗਿੰਦਾ ਨਿਵਾਸੀ ਲੁਡਿਆਣੀ ਦਸੂਹਾ ਕੋਲੋਂ ਰਕਮ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਦੋਸ਼ੀ ਯੂ. ਕੇ. ਬੈਂਕ ਪਿੰਡ ਕਾਲੜਾ ਥਾਣਾ ਆਦਮਪੁਰ (ਜਲੰਧਰ) 'ਚ ਡਕੈਤੀ ਸਮੇਂ ਬੈਂਕ ਗਾਰਡ ਦੀ ਗੋਲੀ ਮਾਰ ਕੇ ਹੱਤਿਆ ਕਰਨ ਉਪਰੰਤ ਭਗੌੜੇ ਸਨ, ਜਿਨ੍ਹਾਂ ਨੂੰ 3 ਨਵੰਬਰ ਨੂੰ ਕਰਾਈਮ ਬ੍ਰਾਂਚ ਦਿੱਲੀ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ
ਏ.ਐੱਸ. ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ ਦੋਹਾਂ ਨੂੰ ਤਿਹਾੜ ਜੇਲ ਤੋਂ ਲਿਆ ਕੇ ਤਕਨੀਕੀ ਤੌਰ 'ਤੇ ਪੁੱਛਗਿਛ ਕਰਦੇ ਹੋਏ ਉਨ੍ਹਾਂ ਕੋਲੋਂ ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਤੋਂ ਲੁੱਟੇ 3 ਲੱਖ 8000 ਰੁਪਏ ਅਤੇ ਵਾਰਦਾਤ 'ਚ ਵਰਤੀ ਗਈ ਸਕੂਟਰੀ ਵੀ ਬਰਾਮਦ ਕੀਤੀ। ਦੋਹਾਂ ਦੋਸ਼ੀਆਂ ਨੇ ਸੁਰਜੀਤ ਨਿਵਾਸੀ ਆਦਮਵਾਲ ਨਾਲ ਮਿਲ ਕੇ 23 ਅਗਸਤ 2020 ਨੂੰ ਕਰੀਬ 2.30 ਵਜੇ ਗ੍ਰਾਮ ਸੁਵਿਧਾ ਕੇਂਦਰ ਰਿਹਾਨਾ ਜੱਟਾਂ ਤੋਂ 80,000 ਦੀ ਲੁੱਟ ਵੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ
ਵਰਣਨਯੋਗ ਹੈ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ, ਥਾਣਾ ਸਦਰ ਮੁਖੀ ਤਲਵਿੰਦਰ ਸਿੰਘ ਅਤੇ ਸੀ. ਆਈ. ਏ. ਇੰਚਾਰਜ ਦੀਆਂ ਟੀਮਾਂ ਦੁਆਰਾ 19 ਅਕਤੂਬਰ ਨੂੰ ਸੁਨੀਲ ਦੱਤ ਨਿਵਾਸੀ ਘਗਿਆਲ, ਸੁਖਵਿੰਦਰ ਸਿੰਘ ਉਰਫ਼ ਸੁਖਾ ਹਰਿਆਣਾ, ਬਲਵਿੰਦਰ ਸਿੰਘ ਉਰਫ਼ ਸੋਨੂ ਨਿਵਾਸੀ ਕੋਠੇ ਪ੍ਰੇਮ ਨਗਰ, ਸਤਪਾਲ ਸਿੰਘ ਉਰਫ਼ ਸੱਤਾ ਨਿਵਾਸੀ ਹਰਿਆਣਾ ਅਤੇ ਗੁਰਿੰਦਰ ਸਿੰਘ ਉਰਫ਼ ਗਿੰਦਾ ਨਿਵਾਸੀ ਲੁਡਿਆਣੀ ਵਿਰੁੱਧ ਧਾਰਾ 392, 394, 395 ਅਤੇ ਅਸਲਾ ਐਕਟ ਦੇ ਤਹਿਤ ਥਾਣਾ ਹਰਿਆਣਾ 'ਚ ਮਾਮਲਾ ਦਰਜ ਕੀਤਾ ਗਿਆ ਸੀ।
ਇਸ 'ਚ ਸੁਨੀਲ ਦੱਤ, ਸੁਖਾ ਅਤੇ ਸੋਨੂ ਨੂੰ ਜ਼ਿਲ੍ਹਾ ਪੁਲਸ ਨੇ 19 ਅਕਤੂਬਰ ਨੂੰ ਗ੍ਰਿਫ਼ਤਾਰ ਕਰਕੇ ਇੰਡੀਅਨ ਓਵਰਸੀਜ ਬੈਂਕ ਗਿਲਜੀਆਂ, ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਅਤੇ ਯੂ. ਕੋ. ਬੈਂਕ ਪਿੰਡ ਕਾਲੜਾ ਥਾਣਾ ਆਦਮਪੁਰ ਨੂੰ ਟਰੇਸ ਕਰਕੇ ਡਕੈਤੀ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਸਨ। ਇਨ੍ਹਾਂ ਮਾਮਲਿਆਂ 'ਚ ਸੱਤਾ ਅਤੇ ਗਿੰਦਾ ਭਗੌੜੇ ਚੱਲ ਰਹੇ ਸਨ।
ਇਹ ਵੀ ਪੜ੍ਹੋ: ਦਸੂਹਾ 'ਚ ਖ਼ੌਫ਼ਨਾਕ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਕੇ ਜ਼ਮੀਨ 'ਚ ਦੱਬੀ ਲਾਸ਼