‘ਮੇਰੀ ਪਰੀ ਦਾ ਖ਼ਿਆਲ ਰੱਖਣਾ’ ਲਿਖ ਕੇ ਬੈਂਕ ਮੁਲਾਜ਼ਮ ਨੇ ਚੁੱਕਿਆ ਖੌਫਨਾਕ ਕਦਮ
Thursday, Aug 08, 2024 - 05:44 AM (IST)
ਖਰੜ (ਰਣਬੀਰ) - ਬੈਂਕ ’ਚ ਦਰਜਾ ਚਾਰ ਮੁਲਾਜ਼ਮ ਵਿਜੇ ਕੁਮਾਰ ਨੇ ਘਰ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੰਧਾਵਾ ਰੋਡ ਵਾਰਡ ਨੰ. 23 ਦੇ ਰਹਿਣ ਵਾਲੇ ਵਿਜੇ ਕੁਮਾਰ (28) ਵਜੋਂ ਹੋਈ ਹੈ, ਜੋ ਦੇਸੂਮਾਜਰਾ ਸਥਿਤ ਇਕ ਪ੍ਰਾਈਵੇਟ ਬੈਂਕ ’ਚ ਦਰਜਾ ਚਾਰ ਮੁਲਾਜ਼ਮ ਸੀ। ਉਸ ਦਾ ਵਿਆਹ 2018 ’ਚ ਹੋਇਆ ਸੀ ਅਤੇ ਉਨ੍ਹਾਂ ਦੀ 4 ਸਾਲ ਦੀ ਬੱਚੀ ਵੀ ਹੈ।
ਪਤਨੀ ਮੁਤਾਬਕ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦਾ ਇਲਾਜ ਮੋਹਾਲੀ ਦੇ ਇਕ ਹਸਪਤਾਲ ’ਚ ਚੱਲ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਉਸ ਦਾ ਪਤੀ ਉਸ ਨੂੰ ਕੇ.ਐੱਫ.ਸੀ. ਚੰਡੀਗੜ੍ਹ ਰੋਡ ’ਤੇ ਸਵੇਰੇ ਕਰੀਬ 6.30 ਵਜੇ ਡਿਊਟੀ ’ਤੇ ਛੱਡ ਕੇ ਗਿਆ। ਇਸ ਤੋਂ ਬਾਅਦ ਸੂਚਨਾ ਮਿਲੀ ਕਿ ਉਸ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਦਰਵਾਜ਼ਾ ਨਾ ਖੋਲ੍ਹੇ ਜਾਣ ’ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਦਰਵਾਜ਼ੇ ਦੀ ਕੁੰਡੀ ਤੋੜ ਕੇ ਅੰਦਰ ਦੇਖਿਆ ਤਾਂ ਵਿਜੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੌਕੇ ’ਤੇ ਹੀ ਉਸ ਦੀ ਬੇਟੀ ਦੀ ਸਕੂਲ ਕਾਪੀ ਮੌਜੂਦ ਸੀ, ਜਿਸ ’ਚ ਉਸ ਨੇ ਖ਼ੁਦਕੁਸ਼ੀ ਨੋਟ ਲਿਖਿਆ ਸੀ।
ਖ਼ੁਦਕੁਸ਼ੀ ਨੋਟ ’ਚ ਉਸ ਨੇ ਲਿਖਿਆ, ‘ਕਾਲੋ ਮੈਨੂੰ ਮਾਫ਼ ਕਰਨਾ, ਮੈਂ ਜੋ ਵੀ ਕਰ ਰਿਹਾਂ ਹਾਂ, ਆਪਣੀ ਮਰਜ਼ੀ ਨਾਲ ਕਰ ਰਿਹਾ ਹਾਂ, ਤੈਨੂੰ ਕੋਈ ਬਲੇਮ ਨਹੀਂ ਕਰ ਸਕਦਾ, ਮੈਂ ਆਪਣੀ ਜਾਨ ਆਪਣੇ ਆਪ ਦੇ ਰਿਹਾ ਹਾਂ, ਸੌਰੀ ਯਾਰ... ਮੈਨੂੰ ਮਾਫ਼ ਕਰ ਦੇਣਾ, ਨਾਲ ਹੀ ਪਰੀ ਦਾ ਵੀ ਧਿਆਨ ਰੱਖਣਾ, ਲਵ ਯੂ...'
ਪੁਲਸ ਨੇ ਮ੍ਰਿਤਕ ਦੀ ਪਤਨੀ ਕਾਜਲ ਦੇ ਬਿਆਨ ਦਰਜ ਕਰ ਕੇ ਬੀ.ਐੱਨ.ਐੱਸ. ਦੀ ਧਾਰਾ 394 ਤਹਿਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਦਾ ਪੋਸਟਮਾਰਟਮ ਵੀਰਵਾਰ ਨੂੰ ਸਿਵਲ ਹਸਪਤਾਲ ਖਰੜ ’ਚ ਕਰਵਾਇਆ ਜਾਵੇਗਾ।