ਬੈਂਕ ਦੇ ਪਰਵਿਜ਼ਨਲ ਮੈਨੇਜਰ ਵਿਰੁੱਧ ਧੋਖਾਧੜੀ ਦਾ ਕੇਸ ਦਰਜ
Tuesday, Sep 26, 2017 - 03:03 PM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਗ੍ਰਾਮੀਨ ਬੈਂਕ ਦੀ ਬ੍ਰਾਂਚ ਗੱਗੋਬੂਆ ਦੀ ਮੈਨੇਜਰ ਸ੍ਰੀਮਤੀ ਸੁਸ਼ਮਾ ਅਰੋੜਾ ਵੱਲੋਂ ਬੈਂਕ ਦੇ ਸਹਾਇਕ ਮੈਨੇਜਰ ਵਿਰੁੱਧ ਮਾਨਯੋਗ ਅਦਾਲਤ 'ਚ ਦਾਇਰ ਕੀਤੀ ਗਈ ਸ਼ਿਕਾਇਤ ਦੇ ਮਾਮਲੇ 'ਤੇ ਕਾਰਵਾਈ ਕਰਦਿਆਂ ਅਦਾਲਤ ਵੱਲੋਂ ਪਰਵਿਜ਼ਨਲ ਮੈਨੇਜਰ ਸੁਰਜੀਤ ਸਿੰਘ ਵਿਰੁੱਧ ਥਾਣਾ ਝਬਾਲ ਦੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬੈਂਕ ਦੀ ਬ੍ਰਾਂਚ ਮੈਨੇਜਰ ਸ੍ਰੀਮਤੀ ਸ਼ੁਸ਼ਮਾ ਅਰੋੜਾ ਨੇ ਮਾਨਯੋਗ ਸ੍ਰੀਮਤੀ ਰਾਣਾ ਕਨਵਰਦੀਪ ਕੌਰ, ਤਰਨਤਾਰਨ ਦੀ ਅਦਾਲਤ 'ਚ ਮਿਤੀ 31 ਜਨਵਰੀ 2017 ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਬੈਂਕ ਦੇ ਪਰਵਿਜ਼ਨਲ ਮੈਨੇਜਰ ਸੁਰਜੀਤ ਸਿੰਘ ਵੱਲੋਂ ਬੈਂਕ ਕਰਜ਼ਧਾਰਕਾਂ ਕੋਲੋਂ ਆਪਣੀ ਮਰਜ਼ੀ ਮੁਤਾਬਕ ਵੱਧ ਵਿਆਜ ਲਗਾ ਕੇ ਕਰਜ਼ਧਾਰਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਤੋਂ ਇਲਾਵਾ ਬੈਂਕ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ। ਥਾਣਾ ਮੁੱਖੀ ਇੰ. ਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਰਵਿਜ਼ਨਲ ਮੈਨੇਜਰ ਸੁਰਜੀਤ ਸਿੰਘ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਹੁਕਮ ਨਾਲ ਸ਼ੈਕਸ਼ਨ 156 (3) ਸੀ. ਆਰ. ਪੀ. ਸੀ. ਮਸੂਲ ਥਾਣਾ 'ਚ ਸ਼ਾਮਲ ਹੋਏ, ਜਿਸ ਦੇ ਚੱਲਦਿਆਂ ਮੁਲਜ਼ਮ ਸੁਰਜੀਤ ਸਿੰਘ ਵਿਰੁੱਧ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 148 ਜੇਰੇ ਧਾਰਾ 420, 471, 409, 467, 468 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਤਫਤੀਸ ਏ. ਐੱਸ. ਆਈ ਹਰਸ਼ਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ।