ਬੈਂਕ ’ਚ ਕੇ. ਵਾਈ. ਸੀ ਕਰਵਾਉਣ ਦੇ ਨਾਮ ’ਤੇ ਮਾਰੀ ਠੱਗੀ, ਜਦੋਂ ਪਤਾ ਲੱਗਾ ਤਾਂ ਉੱਡੇ ਹੋਸ਼
Monday, Mar 20, 2023 - 12:53 PM (IST)
ਬਹਿਰਾਮਪੁਰ (ਗੋਰਾਇਆ) : ਬੈਂਕ ’ਚ ਕੇ. ਵਾਈ. ਸੀ ਕਰਵਾਉਣ ਦੇ ਨਾਮ ’ਤੇ ਇਕ ਵਿਅਕਤੀ ਨਾਲ 69,780 ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ ਥਾਣਾ ਬਹਿਰਾਮਪੁਰ ਪੁਲਸ ਨੇ ਧਾਰਾ 420,120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਅਰਜਨ ਸਿੰਘ ਪੁੱਤਰ ਅਤਰ ਸਿੰਘ ਵਾਸੀ ਝਬਕਰਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 18-1-22 ਨੂੰ ਉਸ ਦੇ ਮੋਬਾਇਲ ’ਤੇ ਕਾਲ ਆਈ, ਜਿਸ ਨੇ ਉਸ ਨੂੰ ਕਿਹਾ ਕਿ ਮੈਂ ਐੱਸ. ਬੀ. ਆਈ ਬ੍ਰਾਂਚ ਦੀਨਾਨਗਰ ਤੋਂ ਬੋਲ ਰਿਹਾ ਹਾਂ। ਤੁਹਾਡਾ ਕੇ. ਵਾਈ. ਸੀ ਅਪਡੇਟ ਹੋਣ ਵਾਲਾ ਹੈ। ਤੁਹਾਡੇ ਫੋਨ ’ਤੇ ਟੈਕਸਟ ਮੈਸੇਜ ਆਇਆ ਹੈ, ਤੁਸੀਂ ਉਹ ਮੈਸੇਜ ਮੇਰੇ ਮੋਬਾਇਲ ਨੰਬਰ ’ਤੇ ਭੇਜ ਦਿਓ। ਜਿਸ ’ਤੇ ਉਸ ਨੇ ਉਕਤ ਫੋਨ ਕਰਨ ਵਾਲੇ ਵਿਅਕਤੀ ਨੂੰ ਬੈਂਕ ਦਾ ਕਰਮਚਾਰੀ ਸਮਝ ਕੇ ਜੋ ਟੈਕਸਟ ਮੈਸੇਜ ਆਇਆ ਸੀ, ਉਸ ਦੇ ਮੋਬਾਇਲ ’ਤੇ ਭੇਜ ਦਿੱਤਾ। ਮੈਸੇਜ ਭੇਜਣ ਤੋਂ ਤੁਰੰਤ ਬਾਅਦ ਉਸ ਦੇ ਐੱਸ. ਬੀ. ਆਈ ਦੇ ਅਕਾਊਂਟ ਵਿਚੋਂ ਤਿੰਨ ਵਾਰੀ ਵਿਚ 69,780 ਰੁਪਏ ਕੱਟੇ ਗਏ। ਇਸ ਬਾਰੇ ਉਸ ਨੂੰ ਮੋਬਾਇਲ ’ਤੇ ਮੈਸੇਜ ਆਉਣ ’ਤੇ ਪਤਾ ਲੱਗਾ। ਜਦੋਂ ਉਸ ਨੇ ਦੁਬਾਰਾ ਵਿਅਕਤੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਆਪਣਾ ਫੋਨ ਬੰਦ ਕਰ ਦਿੱਤਾ।
ਪੁਲਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਕਪਤਾਨ ਪੁਲਸ ਦੀਨਾਨਗਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਨਰਸਿੰਗਾ ਮੰਡਲ ਪੁੱਤਰ ਸਦਹਾਨ ਮੰਡਲ ਵਾਸੀ ਖੇਰੂਰ ਜ਼ਿਲ੍ਹਾ ਮੂਰਸ਼ਿਦਾ ਬਾਅਦ ਸਟੇਟ ਪੱਛਮੀ ਬੰਗਾਲ, ਬਿਜੂ ਕੁਟਮੂ ਪੁੱਤਰ ਬਿਮਾਲਾ ਕੁਟਮੂ ਵਾਸੀ ਭਾਲੁਕਾਗੁਰੀ ਥਾਣਾ ਬਿਹਪੁਰੀਆਂ ਜ਼ਿਲ੍ਹਾ ਲਖੀਮਪੁਰ ਸਟੇਟ ਆਸਾਮ, ਅਨੀਸ ਅਰਨਸਟ ਵਿਲੀਅਮ ਪੁੱਤਰ ਦਲੀਪ ਵਿਲੀਅਮ ਵਾਸੀ ਮੁੰਬਈ ਸਟੇਟ ਮਹਾਂਰਾਸ਼ਟਰ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ।