ਬੈਂਕ ’ਚੋਂ ਪੈਸੇ ਕਢਵਾ ਕੇ ਪਰਤ ਰਹੇ ਕਿਸਾਨ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟਿਆ

Tuesday, May 25, 2021 - 04:26 PM (IST)

ਬੈਂਕ ’ਚੋਂ ਪੈਸੇ ਕਢਵਾ ਕੇ ਪਰਤ ਰਹੇ ਕਿਸਾਨ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟਿਆ

ਫਿਰੋਜ਼ਪੁਰ (ਮਲਹੋਤਰਾ) : ਬੈਂਕ ’ਚੋਂ ਪੈਸੇ ਕਢਵਾ ਕੇ ਪਰਤ ਰਹੇ ਕਿਸਾਨ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ। ਘਟਨਾ ਬਸਤੀ ਝਾਲ ਵਾਲੀ ਦੇ ਕੋਲ ਹੋਈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੋਪਾ ਸਿੰਘ ਵਾਸੀ ਬਸਤੀ ਝਾਲ ਵਾਲੀ ਨੇ ਦੱਸਿਆ ਕਿ ਉਨ੍ਹਾਂ ਆਪਣੀ ਕਣਕ ਦੀ ਫਸਲ ਛਾਉਣੀ ਦਾਣਾ ਮੰਡੀ ਦੇ ਪ੍ਰਮੋਦ ਆੜਤੀਏ ਕੋਲ ਵੇਚੀ ਸੀ, ਆੜਤ ਵੱਲੋਂ ਉਨ੍ਹਾਂ ਦੇ ਖਾਤੇ ਵਿਚ 533250 ਰੁਪਏ ਜਮ੍ਹਾ ਕਰਵਾ ਦਿੱਤੇ ਗਏ ਸਨ।

ਕੁਝ ਦਿਨ ਪਹਿਲਾਂ ਉਹ ਆਪਣੇ ਖਾਤੇ ’ਚੋਂ 87000 ਰੁਪਏ ਕਢਵਾ ਕੇ ਥੈਲੇ ਵਿਚ ਰੱਖ ਕੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੇ ਕੋਲ ਹੀ ਪਿੱਛੋਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਡੇਗ ਦਿੱਤਾ ਤੇ ਉਸ ਦਾ ਪੈਸਿਆਂ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਏ। ਥਾਣਾ ਕੁੱਲਗੜੀ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News