ਬੰਗਾ ਕਤਲ ਕਾਂਡ ਨੂੰ ਪੁਲਸ ਨੇ ਇਕ ਹਫ਼ਤੇ 'ਚ ਸੁਲਝਾਇਆ, ਭੈਣ ਨੇ ਹੀ 75 ਹਜ਼ਾਰ ਦੇ ਕੇ ਮਰਵਾਇਆ ਸੀ ਭਰਾ

06/03/2022 2:52:54 AM

ਚੰਡੀਗੜ੍ਹ/ਐੱਸ.ਬੀ.ਐੱਸ. ਨਗਰ : ਬੰਗਾ ਬਲਾਈਂਡ ਕਤਲ ਕੇਸ ਨੂੰ ਇਕ ਹਫ਼ਤੇ 'ਚ ਸੁਲਝਾਉਂਦਿਆਂ ਐੱਸ.ਬੀ.ਐੱਸ. ਨਗਰ ਪੁਲਸ ਨੇ ਵੀਰਵਾਰ ਨੂੰ ਕਤਲ ਕੀਤੇ ਵਿਅਕਤੀ ਦੀ ਭੈਣ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 45,000 ਰੁਪਏ ਦੀ ਫਿਰੌਤੀ ਦੀ ਰਕਮ ਵੀ ਬਰਾਮਦ ਕਰ ਲਈ ਹੈ। ਐੱਸ.ਬੀ.ਐੱਸ.ਨਗਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਦੀਪ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਸੱਲ ਕਲਾਂ (ਬੰਗਾ), ਜਿਸ ਨੂੰ 25 ਮਈ 2022 ਨੂੰ 2 ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਸਬੰਧੀ ਥਾਣਾ ਸਦਰ ਬੰਗਾ ਵਿਖੇ ਕੇਸ ਨੰਬਰ 51/2022 ਅਧੀਨ 302 ਆਈ.ਪੀ.ਸੀ. ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਸ਼ਚਾਤਾਪ ਦਿਵਸ ਮੌਕੇ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਨਦੀਪ ਕੌਰ, ਜੋ ਕਤਲ ਕੀਤੇ ਗਏ ਅਮਰਜੀਤ ਸਿੰਘ ਦੀ ਭੈਣ ਹੈ, ਨੇ ਆਪਣੀ ਸਹੇਲੀ ਗੁਰਵਿੰਦਰ ਕੌਰ ਵਾਸੀ ਚਰਨ (ਐੱਸ.ਬੀ.ਐੱਸ. ਨਗਰ) ਨਾਲ ਮਿਲ ਕੇ ਅਮਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੁਰਵਿੰਦਰ ਕੌਰ ਨੇ ਅੱਗੇ ਲਖਬੀਰ ਕੁਮਾਰ ਵਾਸੀ ਮਹਿਮੂਦਪੁਰ ਗਦਰੀਆਂ ਨਾਲ ਸੰਪਰਕ ਕੀਤਾ। ਲਖਬੀਰ ਕੁਮਾਰ ਨੇ ਅਮਰਜੀਤ ਸਿੰਘ ਨੂੰ ਮਾਰਨ ਲਈ ਸਰਬਜੀਤ ਸਿੰਘ ਵਾਸੀ ਚਰਨਾਂ ਨਾਲ 75,000 ਰੁਪਏ ਵਿੱਚ ਸੌਦਾ ਤੈਅ ਕੀਤਾ। ਇਸ ਤੋਂ ਬਾਅਦ 25 ਮਈ 2022 ਨੂੰ ਸਰਬਜੀਤ ਸਿੰਘ ਨੇ ਆਪਣੇ ਅਣਪਛਾਤੇ ਦੋਸਤ ਨਾਲ ਮਿਲ ਕੇ ਅਮਰਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਮੂਸੇਵਾਲਾ ਦੀ ਮੌਤ 'ਤੇ ਪਾਕਿਸਤਾਨ 'ਚ ਵੀ ਸੋਗ ਦੀ ਲਹਿਰ, ਇਸ ਸਾਲ ਲਾਹੌਰ ਜਾਣ ਦਾ ਕੀਤਾ ਸੀ ਵਾਅਦਾ

ਇਸ ਮਾਮਲੇ ਵਿੱਚ ਮੁਲਜ਼ਮ ਮਨਦੀਪ ਕੌਰ, ਗੁਰਵਿੰਦਰ ਕੌਰ ਤੇ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਫਿਰੌਤੀ ਦੇ 45,000 ਰੁਪਏ ਵੀ ਬਰਾਮਦ ਕੀਤੇ ਗਏ ਹਨ। ਐੱਸ.ਐੱਸ.ਪੀ. ਐੱਸ.ਬੀ.ਐੱਸ. ਨਗਰ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਤੇ ਉਸ ਦੇ ਸਾਥੀ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News