ਬੰਦੀ ਛੋੜ ਦਿਵਸ 'ਤੇ ਖਾਸ ਮਹੱਤਵ ਰੱਖਦਾ ਹੈ ਇਹ ਇਤਿਹਾਸਕ ਅਸਥਾਨ (ਵੀਡੀਓ)

10/27/2019 3:49:01 PM

ਖੰਨਾ (ਵਿਪਨ)— ਦੀਵਾਲੀ ਦਾ ਤਿਉਹਾਰ ਜਿੱਥੇ ਹਿੰਦੂ ਧਰਮ 'ਚ ਕਾਫੀ ਮਹੱਤਵ ਰੱਖਦਾ ਹੈ, ਉਥੇ ਹੀ ਸਿੱਖ ਧਰਮ ਦਾ ਮਹਾਨ ਇਤਿਹਾਸ ਵੀ ਇਸ ਨਾਲ ਜੁੜਿਆ ਹੈ। ਸਿੱਖ ਧਰਮ 'ਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਛੁੜਵਾ ਕੇ ਲਿਆਏ ਸਨ। ਬੰਦੀ ਛੋੜ ਦਿਵਸ 'ਤੇ ਅਜਿਹੇ ਹੀ ਇਤਿਹਾਸਕ ਸਥਾਨ ਅਤੇ ਗੁਰਧਾਮ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ, ਜਿਸ ਦਾ ਬੰਦੀਛੋੜ ਦਿਵਸ ਨਾਲ ਗੂੜਾ ਸੰਬੰਧ ਹੈ।

PunjabKesari

ਹਲਕਾ ਪਾਇਲ ਦੇ ਪਿੰਡ ਘੁਢਾਣੀ ਕਲਾਂ ਦਾ ਇਤਿਹਾਸ ਬੰਦੀ ਛੋੜ ਇਤਿਹਾਸ ਨਾਲ ਜੁੜਿਆ ਹੈ। ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ ਤਾਂ ਵਾਪਸੀ 'ਚ ਗੁਰੂ ਜੀ ਪਿੰਡ ਘੁਢਾਣੀ ਕਲਾਂ ਵਿਖੇ ਰੁਕੇ ਸਨ। ਇਥੇ ਚਾਰ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਨੀਮਸਰ ਸਾਹਿਬ, ਚੋਲਾ ਸਾਹਿਬ ਅਤੇ ਭੜੋਲਾ ਸਾਹਿਬ ਸੁਸ਼ੋਭਿਤ ਹਨ। ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ 25 ਫੱਗਨ 1631 ਈ. 'ਚ 52 ਰਾਜਿਆਂ ਨੂੰ ਛੁੜਵਾ ਕੇ ਇਸ ਜਗ੍ਹਾ ਪਹੁੰਚੇ ਸਨ। ਗੁਰੂ ਸਾਹਿਬ ਦਾ 52 ਕਲੀਆਂ ਵਾਲਾ ਚੋਲਾ ਅੱਜ ਵੀ ਇਸ ਸਥਾਨ 'ਤੇ ਮੌਜੂਦ ਹੈ, ਜਿੱਥੇ ਗੁਰਦੁਆਰਾ ਚੋਲਾ ਸਾਹਿਬ 'ਚ ਸੁਸ਼ੋਭਿਤ ਹੈ।

PunjabKesari

ਜਿੱਥੇ 45 ਦਿਨਾਂ ਤੱਕ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ, ਉਸ ਸਥਾਨ 'ਤੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਜੀ ਦੇ ਪਿੰਡ ਪਹੁੰਚਣ ਦਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਪਿੰਡ 'ਚ ਲੈ ਕੇ ਆਏ ਅਤੇ ਗੁਰੂ ਸਾਹਿਬ ਮਰਵਾਹਾ ਖੱਤਰੀ ਦੇ ਘਰ 'ਚ ਰੁਕੇ। ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਸਤਿਗੁਰੂ ਘਰ 'ਚ ਖਾਣ ਲਈ ਦਾਣੇ ਨਹੀਂ ਹਨ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੇ ਭੜੋਲੇ ਨੂੰ ਬੰਦ ਕਰਕੇ ਉਸ 'ਚ 5 ਦਾਣੇ ਕਣਕ ਅਤੇ 5 ਦਾਣੇ ਦਾਲ ਦੇ ਪਾਉਂਦੇ ਹੋਏ ਕਿਹਾ ਕਿ ਇਸ ਨੂੰ ਕਦੇ ਨਾ ਖੋਲ੍ਹਣਾ ਅਤੇ ਉਸ ਤੋਂ ਬਾਅਦ ਕਈ ਪੀੜ੍ਹੀਆਂ ਉਸ ਭੜੋਲੇ 'ਚੋਂ ਅਨਾਜ ਖਾਂਦੀਆਂ ਰਹੀਆਂ। ਫਿਰ ਇਕ ਦਿਨ ਉਨ੍ਹਾਂ ਦੀ ਨੂੰਹ ਨੇ ਸਫਾਈ ਕਰਨ ਦੇ ਲਈ ਭੜੋਲਾ ਖੋਲ੍ਹ ਕੇ ਦੇਖ ਲਿਆ ਅਤੇ ਉਦੋਂ ਤੋਂ ਉਸ 'ਚੋਂ ਕੁਝ ਨਹੀਂ ਨਿਕਲਿਆ ਅਤੇ ਅੱਜ ਇਥੇ ਗੁਰਦੁਆਰਾ ਭੜੋਲਾ ਸਾਹਿਬ ਸੁਸ਼ੋਭਿਤ ਹੈ।

PunjabKesari

ਵਾਪਸੀ 'ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਭੇਟ ਕੀਤੀਆਂ ਨਿਸ਼ਾਨੀਆਂ
ਵਾਪਸੀ 'ਤੇ ਗੁਰੂ ਸਾਹਿਬ ਜੀ ਦੇ ਸੰਗਤਾਂ ਦੀ ਬੇਨਤੀ 'ਤੇ ਆਪਣੀਆਂ ਨਿਸ਼ਾਨੀਆਂ ਵਜੋਂ 52 ਕਲੀਆਂ ਵਾਲਾ ਚੋਲਾ, ਇਕ ਚਰਨ ਦਾ ਜੋੜਾ, ਮੰਜੇ ਦਾ ਵਾਣ ਅਤੇ ਸੁਨਹਿਰੀ ਅੱਖਰਾਂ ਵਾਲੀ ਪੋਥੀ ਭੇਟ ਕੀਤੀ, ਜਿਸ ਤੋਂ ਗੁਰੂ ਸਾਹਿਬ ਨਿਤਨੇਮ ਕਰਦੇ ਸਨ। ਹੈੱਡ ਗ੍ਰੰਥੀ ਅਮਰੀਕ ਸਿੰਘ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਦੇਸ਼-ਵਿਦੇਸ਼ ਤੋਂ ਇਸ ਚੋਲਾ ਸਾਹਿਬ ਅਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਪਹੁੰਚੀਆਂ ਹਨ। ਇਸ ਸਥਾਨ 'ਤੇ ਗੁਰੂ ਸਾਹਿਬ ਵੱਲੋਂ ਦਾਤਣ ਕਰਕੇ ਗਡੀ ਗਈ ਨਿੰਮ ਦਾ ਦਰਖਤ ਵੀ ਹੈ।

PunjabKesari

ਜਾਣਕਾਰੀ ਦਿੰਦੇ ਹੋਏ ਗੁਰਦਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਮਰੀਕ ਸਿੰਘ ਨੇ ਦੱਸਿਆ ਕਿ ਇਥੇ ਸਥਿਤ ਗੁਰਦੁਆਰਾ ਚੋਲਾ ਸਾਹਿਬ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਮੌਜੂਦ ਹੈ ਅਤੇ ਗੁਰੂ ਸਾਹਿਬ ਦੇ ਚਰਨ ਦਾ ਜੋੜਾ ਅਤੇ ਗੁਰੂ ਸਾਹਿਬ ਜਿਸ ਪੋਥੀ 'ਤੇ ਬੈਠ ਕੇ ਪਾਠ ਕਰਦੇ ਸਨ, ਉਹ ਹਸਤ ਲਿਖਤੀ ਪੋਥੀ ਵੀ ਇਥੇ ਮੌਜੂਦ ਹੈ। ਸੰਗਤਾਂ ਮੁਤਾਬਕ ਗੁਰੂ ਸਾਹਿਬ ਇਸ ਸਥਾਨ ਤੋਂ ਰਵਾਨਾ ਹੋਣ ਮੌਕੇ ਪਿੰਡ ਨੂੰ ਕਈ ਵਰ ਦੇ ਕੇ ਗਏ। ਦੀਵਾਲੀ ਵਾਲੇ ਦਿਨ ਦੂਰੋਂ-ਦੂਰੋਂ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਹਨ।

PunjabKesari


shivani attri

Content Editor

Related News