ਭਾਈ ਲੌਂਗੋਵਾਲ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ ਭੁੱਖ ਹੜਤਾਲ ਲਈ ਵਾਪਸ

01/06/2020 6:39:16 PM

ਪਟਿਆਲਾ (ਬਰਜਿੰਦਰ, ਇੰਦਰਜੀਤ ਬਖਸ਼ੀ) : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਮੌਤ ਦੀ ਸਜ਼ਾ ਜ਼ਾਫਤਾ ਬਲਵੰਤ ਸਿੰਘ ਰਾਜੋਆਣਾ ਨੇ 11 ਤਰੀਕ ਨੂੰ ਭੁੱਖ ਹੜਤਾਲ 'ਤੇ ਬੈਠਣਾ ਸੀ, ਇਹ ਹੜਤਾਲ ਫਿਲਹਾਲ ਉਨ੍ਹਾਂ ਨੇ ਮੁਲਤਵੀ ਕਰ ਦਿੱਤੀ ਹੈ। ਦਰਅਸਲ ਸੋਮਵਾਰ ਨੂੰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਐੱਸ. ਜੀ. ਪੀ. ਸੀ. ਮੈਂਬਰਾਂ ਵਲੋਂ ਪਟਿਆਲਾ ਜੇਲ 'ਚ ਪਹੁੰਚ ਕੇ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ। ਇਸ ਮਿਲਣੀ ਤੋਂ ਬਾਅਦ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ ਜੋ 11 ਜਨਵਰੀ ਨੂੰ ਕਰਨੀ ਸੀ, ਨੂੰ ਫਿਲਹਾਲ ਵਾਪਸ ਲੈ ਲਿਆ ਹੈ। 

ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਦੀ ਅਪੀਲ 'ਤੇ ਰਾਜੋਆਣਾ ਨੇ 11 ਤਰੀਕ ਨੂੰ ਕੀਤੀ ਜਾਣ ਵਾਲੀ ਭੁੱਖ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਐੱਸ. ਜੀ. ਪੀ. ਸੀ. ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2013 ਵਿਚ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਗਈ ਪਰ 7 ਸਾਲ ਬੀਤਣ ਦੇ ਬਾਵਜੂਦ ਵੀ ਇਸ 'ਤੇ ਅਜੇ ਤਕ ਕੋਈ ਫੈਸਲਾ ਨਹੀਂ ਆਇਆ ਹੈ, ਜੋ ਕਿ ਮੰਦਭਾਗਾ ਹੈ। ਜਦਕਿ ਕੇਂਦਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਰ ਸਿੱਖ ਕੈਦੀਆਂ ਦੇ ਨਾਲ-ਨਾਲ ਰਾਜੋਆਣਾ ਦੀ ਫਾਂਸੀ ਨੂੰ ਵੀ ਉਮਰ ਕੈਦ 'ਚ ਬਦਲਣ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਬਾਅਦ ਵਿਚ ਬਦਲ ਦਿੱਤਾ ਗਿਆ। 

ਤਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਰਾਜੋਆਣਾ ਦੀ ਭੈਣ ਕਮਲਜੀਤ ਨੂੰ ਉਨ੍ਹਾਂ ਦੇ ਘਰ ਮਿਲੇ ਸਨ, ਜਿਸ ਤੋਂ ਬਾਅਦ ਅੱਜ ਐੱਸ. ਜੀ. ਪੀ. ਸੀ. ਦਾ ਇਕ ਵਫ਼ਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਪਟਿਆਲਾ ਜੇਲ ਪਹੁੰਚਿਆ ਅਤੇ ਕੁਝ ਸਮਾਂ ਚੱਲੀ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ ਆਪਣਾ ਫੈਸਲਾ ਵਾਪਸ ਲੈ ਲਿਆ।


Gurminder Singh

Content Editor

Related News