ਜੀਪ ’ਚੋਂ ਉਡਾਈ 40 ਹਜ਼ਾਰ ਦੀ ਨਕਦੀ

07/19/2018 6:18:43 AM

 ਮੋਰਿੰਡਾ,  (ਧੀਮਾਨ)-  ਅੱਜ ਤਡ਼ਕੇ  ਚੋਰਾਂ ਵਲੋਂ ਪਿੰਡ ਸੱਖੋਮਾਜਰਾ ਨੇਡ਼ੇ ਖਡ਼੍ਹੀ ਇਕ ਬਲੈਰੋ ਜੀਪ ਦਾ ਸ਼ੀਸਾ ਖੋਲ੍ਹ ਕੇ ਜੀਪ ਵਿਚੋਂ 40 ਹਜ਼ਾਰ ਰੁਪਏ  ਚੋਰੀ  ਕਰ  ਲਏ  ਗਏ  ਜਦਕਿ ਚੋਰ ਸ਼ਹਿਰ ਵਿਚ ਇਕ ਸਪੇਅਰ ਪਾਰਟਸ ਦੀ ਦੁਕਾਨ ਵਿਚ ਚੋਰੀ ਕਰਨ ਵਿਚ ਅਸਫਲ ਰਹੇ। ਜੀਪ ’ਚੋਂ ਰੁਪਏ  ਚੋਰੀ  ਹੋਣ ਦੀ ਘਟਨਾ ਸਬੰਧੀ ਜੀਪ ਚਾਲਕ ਰਘਵੀਰ ਸਿੰਘ ਵਾਸੀ ਕੈਥਲ (ਹਰਿਆਣਾ) ਨੇ ਦੱਸਿਆ ਕਿ ਉਹ ਅਾਪਣੀ ਜੀਪ ’ਤੇ ਸਬਜ਼ੀਆਂ ਢੋਣ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਪਿੰਡ ਸੱਖੋਮਾਜਰਾ ਨੇਡ਼ੇ ਇਕ ਢਾਬੇ ’ਤੇ ਆਰਾਮ ਕਰਨ ਲਈ ਰੁਕਿਆ ਸੀ ਕਿ ਚੋਰਾਂ ਨੇ ਉਸ ਦੀ  ਜੀਪ  ਦਾ  ਸ਼ੀਸ਼ਾ ਖੋਲ੍ਹ ਲਿਆ ਤੇ ਉਸ ਵਿਚੋਂ 40 ਹਜ਼ਾਰ ਰੁਪਏ ਚੋਰੀ ਕਰ ਲਏ।
 ਇਸੇ ਤਰ੍ਹਾਂ ਸਥਾਨਕ ਚੰਡੀਗਡ਼੍ਹ ਰੋਡ ’ਤੇ ਕੇਂਦੂ ਬਾਬਾ ਦੇ ਨੇਡ਼ੇ ਸੇਠ ਆਟੋ ਪਾਰਟਸ ਦੀ ਦੁਕਾਨ ਕਰਦੇ ਮਹਿੰਦਰ ਸੇਠ ਨੇ ਦੱਸਿਆ ਕਿ ਚੋਰਾਂ ਨੇ ਰਾਤ ਨੂੰ ਉਸ ਦੀ ਦੁਕਾਨ ਵਿਚ ਚੋਰੀ ਕਰਨ ਲਈ ਦੁਕਾਨ ਦੀ ਪਿਛਲੀ ਕੰਧ ਵਿਚ ਪਾਡ਼ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪਾਡ਼ ਲਾਉਂਦੇ ਸਮੇਂ ਵਿਚਕਾਰ  ਪਿੱਲਰ ਆ ਜਾਣ ਕਾਰਨ ਉਹ ਚੋਰੀ ਕਰਨ ਵਿਚ ਸਫਲ ਨਹੀਂ ਹੋ ਸਕੇ। ਸੇਠ ਨੇ ਦੱਸਿਆ ਕਿ ਇਸੇ ਤਰ੍ਹਾਂ ਚੋਰਾਂ ਨੇ ਇਕ ਹੋਰ ਦੁਕਾਨ ਵਿਚ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। 
 ਉਧਰ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਚਲਦੀ ਸੀ. ਪੀ. ਓ. ਸਕਿਓਰਟੀ ਸਕੀਮ ਤਹਿਤ ਰੱਖੇ ਚੌਕੀਦਾਰਾਂ ਦੀ ਗਿਣਤੀ ਵਧਾਈ ਜਾਵੇ ਤੇ ਚੌਕੀਦਾਰਾਂ ਵਲੋਂ ਚੌਕਸੀ ਨਾਲ ਡਿਊਟੀ ਕਰਨ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਸ਼ਹਿਰ ਵਿਚ ਚੋਰੀਆਂ ਤੋਂ ਬਚਾਅ ਹੋ ਸਕੇ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੋਰਿੰਡਾ ਥਾਣਾ ਮੁਖੀ ਵਲੋਂ ਰਾਤ ਸਮੇਂ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਤੇ ਚੌਕੀਦਾਰਾਂ ਦੀ ਵੀ ਸਮੇਂ-ਸਮੇਂ ਚੈਕਿੰਗ ਕੀਤੀ ਜਾਵੇਗੀ। 


Related News