ਝੋਨੇ ਦੇ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ : ਰਾਜੇਵਾਲ

Tuesday, Jun 02, 2020 - 03:10 PM (IST)

ਝੋਨੇ ਦੇ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ : ਰਾਜੇਵਾਲ

ਸਮਰਾਲਾ (ਗਰਗ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਦੇ ਝੋਨੇ ਦੀ ਅਗਲੀ ਫ਼ਸਲ ਲਈ ਘੱਟੋਂ-ਘੱਟ ਸਮਰਥਨ ਮੁੱਲ 'ਚ ਐਲਾਨੇ ਗਏ 53 ਰੁਪਏ ਕੁਇੰਟਲ ਦੇ ਮਾਮੂਲੀ ਵਾਧੇ ਨੂੰ ਰੱਦ ਕਰਦਿਆਂ ਇਸ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ। ਸ. ਰਾਜੇਵਾਲ ਨੇ ਕਿਹਾ ਕਿ ਕੋਰੋਨਾ ਸੰਕਟ ਦਰਮਿਆਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਖਾਦ, ਬੀਜ ਅਤੇ ਡੀਜ਼ਲ ’ਚ ਵਾਧੇ ਦੀ ਮਾਰ ਝੱਲਣ ਤੋਂ ਇਲਾਵਾ ਝੋਨੇ ਦੀ ਲੁਆਈ ਲਈ ਮਜ਼ਦੂਰਾਂ ਦੀ ਘਾਟ ਕਾਰਨ ਬਹੁਤ ਵੱਡੇ ਸੰਕਟ 'ਚ ਘਿਰੇ ਹੋਏ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਵਾਰ ਸਿੱਧੀ ਬਿਜਾਈ ਲਈ ਲੱਖਾਂ ਰੁਪਏ ਦਾ ਵਾਧੂ ਖਰਚ ਮਸ਼ੀਨਰੀ ’ਤੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਝੋਨੇ ਦੀ ਲੁਆਈ ਲਈ ਮਜ਼ਦੂਰਾਂ ’ਤੇ ਵੀ ਵਾਧੂ ਖਰਚ ਕਰਨ ਲਈ ਕਿਸਾਨ ਮਜਬੂਰ ਹਨ। ਸ. ਰਾਜੇਵਾਲ ਨੇ ਕਿਹਾ ਕਿ ਡੂੰਘੇ ਆਰਥਿਕ ਸੰਕਟ ਨਾਲ ਜੂਝ ਰਹੀ ਕਿਰਸਾਨੀ ਦੀ ਬਾਂਹ ਫੜ੍ਹਨ ਦੀ ਥਾਂ ਉਲਟਾ ਕੇਂਦਰ ਸਰਕਾਰ ਨੇ ਕਰਜ਼ੇ 'ਚ ਡੁੱਬੇ ਕਿਸਾਨਾਂ ਨੂੰ ਹੋਰ ਵੀ ਆਰਥਿਕ ਤਬਾਹੀ ਵੱਲ ਧਕੇਲ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸੈਕਟਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਰਨ ਦੀ ਸਾਜਿਸ਼ ਅਧੀਨ ਕਿਸਾਨ ਨੂੰ ਹੋਰ ਕੰਗਾਲ ਕਰਨ ਵਾਲਾ ਫੈਸਲਾ ਲਿਆ ਹੈ।


author

Babita

Content Editor

Related News