ਬੈਂਸ ਦੀਆਂ ਮੁਸ਼ਕਿਲਾਂ 'ਚ ਵਾਧਾ, ਅਦਾਲਤ ਵਲੋਂ ਬਲਾਤਕਾਰ ਮਾਮਲੇ 'ਚ ਪੁਲਸ ਨੂੰ FIR ਦਰਜ ਕਰਨ ਦੇ ਹੁਕਮ
Wednesday, Jul 07, 2021 - 11:25 PM (IST)
ਲੁਧਿਆਣਾ- ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਆਤਮ ਨਗਰ ਹਲਕੇ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਕੁਝ ਮਹੀਨੇ ਪਹਿਲਾਂ ਇਕ ਔਰਤ ਵੱਲੋਂ ਬੈਂਸ 'ਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਇਸ ਮਾਮਲੇ ਵਿੱਚ ਹੁਣ ਲੁਧਿਆਣਾ ਦੀ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਐਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਸੰਬੰਧੀ ਜਾਣਕਾਰੀ ਬੈਂਸ 'ਤੇ ਬਲਤਕਾਰ ਦੇ ਦੋਸ਼ ਲਗਾਉਣ ਵਾਲੀ ਔਰਤ ਦੇ ਵਕੀਲ ਹਰੀਸ਼ ਰਾਏ ਢਾਂਡਾ ਵੱਲੋਂ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ- ਅਗਲੀ ਕੈਬਨਿਟ ਦੀ ਮੀਟਿੰਗ 'ਚ ਪੇਸ਼ ਕੀਤਾ ਜਾਵੇਗਾ ਅਧਿਆਪਕਾਂ ਦੀਆਂ ਮੰਗਾਂ ਦਾ ਪ੍ਰਸਤਾਵ : ਸਿੰਗਲਾ
ਉਸ ਵੇਲੇ ਜਦ ਰਾਜ ਅੰਦਰ ਚੋਣਾਂ ਨੂੰ ਮਹਿਜ਼ 8 ਮਹੀਨੇ ਬਾਕੀ ਰਹਿ ਗਏ ਹੋਣ, ਇਸ ਫ਼ੈਸਲੇ ਨਾਲ ਸ. ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਲੁਧਿਆਣਾ ਦੀ ਇਸ 45 ਸਾਲਾ ਔਰਤ ਨੇ ਦੋਸ਼ ਲਗਾਏ ਸਨ ਕਿ ਨਾ ਕੇਵਲ ਸ. ਬੈਂਸ ਨੇ ਉਸ ਨਾਲ ਬਲਾਤਕਾਰ ਕੀਤਾ ਸਗੋਂ ਉਸਨੂੰ ਧਮਕਾਇਆ ਕਿ ਜੇ ਉਸਨੇ ਪੁਲਸ ਕੋਲ ਸ਼ਿਕਾਇਤ ਕੀਤੀ ਤਾਂ ਉਸ ਦੇ ਦੋਵਾਂ ਪੁੱਤਰਾਂ ਨੂੰ ਨੁਕਸਾਨ ਪੁਚਾਇਆ ਜਾਵੇਗਾ। ਉਕਤ ਔਰਤ ਵੱਲੋਂ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦ ਸ. ਬੈਂਸ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਸਨੇ ਆਪਣੇ ਵਕੀਲ ਹਰੀਸ਼ ਰਾਏ ਢਾਂਡਾ ਰਾਹੀਂ ਅਦਾਲਤ ਦਾ ਰੁਖ਼ ਕੀਤਾ ਸੀ।
ਇਹ ਵੀ ਪੜ੍ਹੋ- ਬੱਲੜਵਾਲ ਕਤਲ ਕਾਂਡ 'ਚ ਮੁੱਖ ਦੋਸ਼ੀ ਦੀ ਨਾਬਾਲਿਗ ਧੀ ਵਲੋਂ ਜਬਰ-ਜ਼ਨਾਹ ਦੇ ਦੋਸ਼ ਤੋਂ ਬਾਅਦ ਪੁਲਸ ਵਲੋਂ ਕਰਾਸ ਕੇਸ ਦਰਜ
ਬੁੱਧਵਾਰ ਨੂੰ ਲੁਧਿਆਣਾ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ. ਹਰਸਿਮਰਨਜੀਤ ਸਿੰਘ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਪੁਲਸ ਡਿਵੀਜ਼ਨ ਨੰਬਰ 6 ਦੇ ਐਸ.ਐਚ.ਓ. ਨੂੰ ਹੁਕਮ ਦਿੱਤੇ ਹਨ ਕਿ ਉਹ ਬਿਨਾਂ ਕਿਸੇ ਦੇਰੀ ਦੇ ਸ. ਬੈਂਸ ਦੇ ਵਿਰੁੱਧ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰਨ ਅਤੇ ਐਫ.ਆਈ.ਆਰ. ਦੀ ਕਾਪੀ ਅਦਾਲਤ ਨੂੰ ਭੇਜਣ। ਅਦਾਲਤ ਨੇ ਆਪਣੇ ਅੱਜ ਦੇ ਹੁਕਮਾਂ ਦੀ ਕਾਪੀ ਵੀ ਐਸ.ਐਚ.ਉ. ਨੂੰ ਭੇਜਣ ਲਈ ਕਿਹਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕਿਸੇ ਵੀ ਸਮੇਂ ਸ. ਬੈਂਸ ਦੇ ਖ਼ਿਲਾਫ਼ ਕੇਸ ਦਰਜ ਹੋ ਸਕਦਾ ਹੈ।