ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਕਰਨਗੇ ਗੁਰਲਾਲ ਸਿੰਘ ਘਰ ਵਾਪਸੀ

11/11/2020 1:50:45 PM

ਗੜ੍ਹਸ਼ੰਕਰ (ਸ਼ੋਰੀ)— ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸਿੰਘ ਸੈਲਾ ਕਿਸੇ ਸਮੇਂ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਮੁੜ ਬਸਪਾ 'ਚ ਸ਼ਾਮਲ ਹੋ ਸਕਦੇ ਹਨ। ਪਾਰਟੀ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਇਹ ਘਰ ਵਾਪਸੀ ਦੀਵਾਲੀ ਤੋਂ ਪਹਿਲਾਂ ਕਿਸੇ ਦਿਨ ਵੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਗੁਰਲਾਲ ਸੈਲਾ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਚੁੱਕੇ ਹਨ ਅਤੇ ਪਹਿਲਾਂ ਰਹਿ ਚੁੱਕੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੋਂ ਬਾਅਦ ਬਸਪਾ ਪੰਜਾਬ ਦੇ ਪ੍ਰਧਾਨ ਬਣੇ ਸਨ ।

ਪਾਰਟੀ ਦੇ ਕੁਝ ਆਗੂਆਂ ਨਾਲ ਮਤਭੇਦਾਂ ਕਾਰਨ ਉਹ ਪਾਰਟੀ ਤੋਂ ਕਿਨਾਰਾ ਕਰ ਗਏ ਸਨ ਅਤੇ ਉਪਰੰਤ ਇਸ 'ਤੇ ਉਨ੍ਹਾਂ ਨੇ ਐੱਸ. ਸੀ. ਵਰਗ ਦੀ ਆਵਾਜ਼ ਚੁੱਕਣ ਲਈ ਕਈ ਪਲੇਟਫਾਰਮਾਂ ਰਾਹੀਂ ਕੰਮ ਕੀਤਾ ਅਤੇ ਕਰੀਬ ਦੋ ਸਾਲ ਪਹਿਲਾਂ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਕਾਂਗਰਸ 'ਚ ਕਿਹੜੀਆਂ ਸ਼ਰਤਾਂ 'ਤੇ ਗੁਰਲਾਲ ਸੈਲਾ ਸ਼ਾਮਲ ਹੋਏ ਸਨ ਇਹ ਤਾਂ ਉਹੀ ਜਾਣਦੇ ਹੋਣਗੇ ਪਰ ਕਾਂਗਰਸ ਨੇ ਇਸ ਐੱਸ. ਸੀ. ਆਗੂ ਨੂੰ ਕੋਈ ਵੀ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਸੀ।

ਦੱਬੇ ਕੁਚਲੇ ਅਤੇ ਕਮਜ਼ੋਰ ਵਰਗ ਦੀ ਬਾਂਹ ਸਿਰਫ਼ ਬਸਪਾ ਹੀ ਫੜਦੀ: ਗੁਰਲਾਲ ਸੈਲਾ  
ਸੰਪਰਕ ਕਰਨ 'ਤੇ ਗੁਰਲਾਲ ਸੈਲਾ ਨੇ ਦੱਸਿਆ ਕਿ ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਮੁੜ ਬਸਪਾ 'ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਹਿਣੀ ਕਰਨੀ 'ਚ ਬਹੁਤ ਭਾਰੀ ਅੰਤਰ ਹੈ। ਗੁਰਲਾਲ ਸੈਲਾ ਨੇ ਦੱਸਿਆ ਕਿ ਦੱਬੇ ਕੁਚਲੇ ਅਤੇ ਕਮਜ਼ੋਰ ਵਰਗ ਦੀ ਬਾਂਹ ਸਿਰਫ਼ ਬਹੁਜਨ ਸਮਾਜ ਪਾਰਟੀ ਹੀ ਫੜਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਗਬਨ ਹੋਇਆ ਅਤੇ ਐੱਸ. ਸੀ. ਵਰਗ ਨਾਲ ਕਈ ਧੱਕੇਸ਼ਾਹੀਆਂ ਹੋਈਆਂ, ਜਿਸ ਕਾਰਨ ਉਹ ਕਾਂਗਰਸ ਨੂੰ ਛੱਡ ਰਹੇ ਹਨ ਅਤੇ ਬਹੁਜਨ ਸਮਾਜ ਦੀ ਆਵਾਜ਼ ਬੁਲੰਦ ਕਰਨ ਲਈ ਬਸਪਾ 'ਚ ਮੁੜ ਸ਼ਾਮਲ ਹੋ ਰਹੇ ਹਨ।

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਕੁਝ ਆਗੂਆਂ ਨਾਲ ਹੋਏ ਪੈਦਾ ਹੋਏ ਕੁਝ ਮਤਭੇਦਾਂ ਕਾਰਨ ਛੱਡਿਆ ਸੀ ਪਰ ਹੁਣ ਜਿਸ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਰਣਵੀਰ ਸਿੰਘ ਬੈਣੀਪਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੁੜ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਗੂਆਂ ਦੀ ਕਾਰਜ ਸ਼ੈਲੀ 'ਚ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਕਾਰਜ ਸ਼ੈਲੀ ਦੀ ਝਲਕ ਮਹਿਸੂਸ ਹੋ ਰਹੀ ਹੈ ਅਤੇ ਜਿਸ ਤੋਂ ਬਹੁਜਨ ਸਮਾਜ ਨੂੰ ਇਨ੍ਹਾਂ ਆਗੂਆਂ ਤੋਂ ਕਾਫ਼ੀ ਉਮੀਦਾਂ ਜਾਗੀਆਂ ਹਨ। ਸੂਤਰਾਂ ਅਨੁਸਾਰ ਗੁਰਲਾਲ ਸੈਲਾ 12 ਨਵੰਬਰ ਨੂੰ ਪਾਰਟੀ ਦੇ ਜਲੰਧਰ ਦਫ਼ਤਰ 'ਚ ਬਹੁਜਨ ਸਮਾਜ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ।


shivani attri

Content Editor

Related News