ਬੁਮਰਾਹ ਨੂੰ ਦੋ ਓਵਰਾਂ ਦੇ ਸਪੈੱਲ ਤੋਂ ਬਾਅਦ ਹਟਾਉਣ ਨਾਲ ਪੰਜਾਬ ਨੂੰ ਮਿਲਿਆ ਵਾਪਸੀ ਦਾ ਮੌਕਾ : ਮੂਡੀ

Saturday, Apr 20, 2024 - 10:41 AM (IST)

ਮੁੰਬਈ– ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਟਾਮ ਮੂਡੀ ਦਾ ਮੰਨਣਾ ਹੈ ਕਿ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਵੀਰਵਾਰ ਨੂੰ ਧਾਕੜ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਚੰਗੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕੀਤਾ, ਜਿਸ ਨਾਲ ਪੰਜਾਬ ਕਿੰਗਜ਼ ਨੂੰ ਇਸ ਮੈਚ ਵਿਚ ਬੇਹੱਦ ਖਰਾਬ ਸ਼ੁਰੂਆਤ ਤੋਂ ਉੱਭਰਨ ਦਾ ਮੌਕਾ ਮਿਲ ਗਿਆ।
ਬੁਮਰਾਹ ਨੇ ਆਪਣੇ ਪਹਿਲੇ (ਪਾਰੀ ਦੇ ਦੂਜੇ ਓਵਰ) ਸਪੈੱਲ ਵਿਚ ਸੈਮ ਕਿਊਰੇਨ ਤੇ ਰਾਇਲੀ ਰੂਸੋ ਦੀ ਵਿਕਟ ਲੈਣ ਤੋਂ ਬਾਅਦ ਖਤਰਨਾਕ ਸ਼ਸ਼ਾਂਕ ਸਿੰਘ ਨੂੰ ਚੱਲਦਾ ਕੀਤਾ, ਜਿਸ ਨਾਲ ਜਿੱਤ ਲਈ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਪੰਜਾਬ ਕਿੰਗਜ਼ ਦੀ ਟੀਮ 9 ਦੌੜਾਂ ਦੂਰ ਰਹਿ ਗਈ। ਉਸ ਨੇ ਆਪਣੇ ਚਾਰ ਓਵਰਾਂ ਵਿਚ ਸਿਰਫ 21 ਦੌੜਾਂ ਦਿੱਤੀਆਂ।
ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਮੂਡੀ ਨੇ ਕਿਹਾ, ‘‘ਇਕ ਵਾਰ ਫਿਰ ਤੋਂ ਦਿਸਿਆ ਕਿ ਮੁੰਬਈ ਦੀ ਟੀਮ ਮੈਚ ਦੇ ਰੁਖ਼ ਨੂੰ ਬਦਲਣ ਲਈ ਬਹੁਤ ਹੱਦ ਤਕ ਬੁਮਰਾਹ ’ਤੇ ਨਿਰਭਰ ਹੈ। ਉਸ ਨੇ ਆਪਣੇ ਸ਼ੁਰੂਆਤੀ ਦੋ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਪੰਜਾਬ ਕਿੰਗਜ਼ ਨੂੰ ਬੈਕਫੁੱਟ ’ਤੇ ਧੱਕ ਦਿੱਤਾ ਸੀ। ਇਹ ਦੇਖਣਾ ਨਿਰਾਸ਼ਾਜਨਕ ਸੀ ਕਿ ਟੀਮ ਨੇ ਉਸ ਤੋਂ 13ਵੇਂ ਓਵਰ ਤਕ ਦੁਬਾਰਾ ਗੇਂਦਬਾਜ਼ੀ ਨਹੀਂ ਕਰਵਾਈ। ਉਹ ਅਜੇ ਸ਼ਾਨਦਾਰ ਲੈਅ ਵਿਚ ਹੈ। ਮੇਰਾ ਮੰਨਣਾ ਹੈ ਕਿ ਮੁੰਬਈ ਨੇ ਪੰਜਾਬ ਨੂੰ ਵਾਪਸੀ ਦਾ ਮੌਕਾ ਦਿੱਤਾ। ਬੁਮਰਾਹ ਨੂੰ ਜੇਕਰ ਇਕ ਹੋਰ ਓਵਰ (ਪਾਰੀ ਦੀ ਸ਼ੁਰੂਆਤ ਵਿਚ) ਕਰਨ ਨੂੰ ਮਿਲਦਾ ਤਾਂ ਸ਼ਾਇਦ ਪੰਜਾਬ ਦੀ ਟੀਮ ਉਸ ਸਮੇਂ ਮੈਚ ਦੀ ਦੌੜ ਵਿਚੋਂ ਬਾਹਰ ਹੋ ਜਾਂਦੀ।’’


Aarti dhillon

Content Editor

Related News