ਬਾਦਲ ਸਰਕਾਰ ਸਮੇਂ ਬਣਾਏ ਗਏ ਨੀਲੇ ਕਾਰਡਾਂ ਦਾ ਮੁੜ ਹੋਣ ਲੱਗਾ ਸਰਵੇ

07/20/2017 2:35:09 AM

ਤਰਨਤਾਰਨ, (ਰਮਨ)  -ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਪੂਰੇ ਪੰਜਾਬ ਵਿਚ ਗਰੀਬਾਂ ਲਈ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਲਈ ਜਾਰੀ ਕੀਤੇ ਗਏ ਨੀਲੇ ਕਾਰਡਾਂ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਮੁੜ ਤੋਂ ਜਾਂਚ ਲਈ ਸਰਵੇ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿਸ ਤਹਿਤ ਸਰਵੇ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੇ ਜਿਥੇ ਪਸੀਨੇ ਨਿਕਲਦੇ ਨਜ਼ਰ ਆ ਰਹੇ ਹਨ, ਉਥੇ ਸਰਕਾਰੀ ਵਿਭਾਗਾਂ ਵਿਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਨਜ਼ਰ ਨਾ ਆਉਣ ਕਾਰਨ ਕੰਮ ਦੇ ਪ੍ਰਭਾਵਿਤ ਹੋਣ ਦੇ ਨਾਲ-ਨਾਲ ਲੱਖਾਂ ਰੁਪਏ ਦੇ ਸਰਕਾਰੀ ਖਜ਼ਾਨੇ ਦਾ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਜ਼ਿਲੇ ਦੀਆਂ ਤਿੰਨਾਂ ਤਹਿਸੀਲਾਂ ਅਧੀਨ ਆਉਣ ਵਾਲੇ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਦੇ ਘਰ-ਘਰ ਜਾ ਕੇ ਮਾਰਕੀਟ ਕਮੇਟੀ ਦੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ (ਦਰਜਾ ਚਾਰ ਨੂੰ ਛੱਡ ਕੇ) ਨੇ ਪਿਛਲੇ ਤਿੰਨ ਦਿਨਾਂ ਤੋਂ ਸਰਵੇ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਜ਼ਿਲੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਜਿਨ੍ਹਾਂ ਵਿਚ 500 ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹਨ, ਦੇ ਦਫਤਰ ਵਿਚ ਨਜ਼ਰ ਨਾ ਆਉਣ ਕਾਰਨ ਲੱਖਾਂ ਰੁਪਏ ਦਾ ਰੋਜ਼ਾਨਾ ਸਰਕਾਰੀ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਸਾਬਕਾ ਬਾਦਲ ਸਰਕਾਰ ਦੇ ਸਮੇਂ ਆਟਾ-ਦਾਲ ਸਕੀਮ ਸਬੰਧੀ ਬਣਾਏ ਗਏ ਜ਼ਿਲੇ ਭਰ ਦੇ 1 ਲੱਖ 81 ਹਜ਼ਾਰ ਨੀਲੇ ਕਾਰਡਾਂ ਦੀ ਮੁੜ ਜਾਂਚ ਮੌਜੂਦਾ ਕੈਪਟਨ ਸਰਕਾਰ ਵੱਲੋਂ ਕਰਵਾਉਣ ਨਾਲ ਜ਼ਿਆਦਾਤਰ ਲੋਕ ਖੁਸ਼ ਹਨ।


Related News